ਵਾਸ਼ਿੰਗਟਨ, 29 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰਲੀ ਇਲਾਹੀ ਜੋਤ ਨੂੰ ਪਛਾਨਣ ਵਾਲੇ ਨਨਕਾਣਾ ਸਾਹਿਬ ਪਾਕਿਸਤਾਨ ‘ਚ ਵਸਦੀ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਬਿਲਾਲ ਅਕਰਮ ਭੱਟੀ ਇਨੀਂ ਦਿਨੀਂ ਆਪਣੇ ਅਮਰੀਕਾ ਦੌਰੇ ‘ਤੇ ਹਨ। ਉਨ੍ਹਾਂ ਦੇ ਸਨਮਾਨ ‘ਚ ਸਿੱਖਸ ਆਫ ਅਮੈਰਿਕਾ ਵਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਮੈਰੀਲੈਂਡ ਵਿਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ‘ਚ ਉਨ੍ਹਾਂ ਸਿੱਖ ਆਫ਼ ਅਮੈਰਿਕਾ ਦੇ ਕਮਿਊਨਿਟੀ ਅਵਾਰਡ ਦੇ ਨਾਲ ਉਨ੍ਹਾਂ ਨੂੰ ਸਾਈਟੇਸ਼ਨ ਐਵਾਰਡ ਵੀ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਸਿੱਖਸ ਆਫ਼ਿਸ ਅਮੈਰਿਕਾ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਭੱਟੀ ਪਰਿਵਾਰ ਦਾ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਸਤਿਕਾਰ ਕਰਦੀ ਰਹੇਗੀ। ਜਿੱਥੇ ਰਾਏ ਬੁਲਾਰ ਭੱਟੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅੰਦਰ ਇਲਾਹੀ ਜੋਤ ਨੂੰ ਪਛਾਣਿਆ, ਉੱਥੇ ਉਨ੍ਹਾਂ 18 ਹਜ਼ਾਰ 750 ਏਕੜ ਜ਼ਮੀਨ ਵੀ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤੀ ਸੀ, ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਬੋਲਦੀ ਹੈ। ਉਨ੍ਹਾਂ ਦੱਸਿਆ ਕਿ ਰਾਏ ਬਿਲਾਲ ਅਕਰਮ ਭੱਟੀ ਦੇ ਉਹ ਧੰਨਵਾਦੀ ਵੀ ਹਨ ਕਿ ਜਦੋਂ ਵੀ ਉਹ ਪਕਿਸਤਾਨ ਜਾਂਦੇ ਹਨ, ਤਾਂ ਉਹ ਹਮੇਸ਼ਾ ਸਿੱਖਾਂ ਦਾ ਸਹਿਯੋਗ ਕਰਦੇ ਹਨ ਅਤੇ ਇਹ ਹੀ ਨਹੀਂ, ਉਹ ਹੋਰ ਸੰਗਤਾਂ ਦਾ ਵੀ ਪਾਕਿਸਤਾਨ ਪੁੱਜਣ ‘ਤੇ ਸਵਾਗਤ ਕਰਦੇ ਹਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਰਾਏ ਬਿਲਾਲ ਅਕਰਮ ਭੱਟੀ ਨੇ ਆਪਣੇ ਪੁਰਖਾਂ ਕੋਲੋ ਸੁਣੀਆਂ ਅਤੇ ਬਾਬੇ ਨਾਨਕ ਦੀਆਂ ਕੁਦਰਤੀ ਕਰਾਮਾਤ ਦੀਆਂ ਸਾਖੀਆਂ ਵੀ ਸੁਣਾਈਆਂ ਅਤੇ ਕਿਹਾ ਕਿ ਸਿੱਖਾਂ ਦੇ ਨਾਲ ਸਾਡੇ ਪੁਰਖਾਂ ਦੀ 550 ਸਾਲ ਦੀ ਪੁਰਾਣੀ ਸਾਂਝ ਸੀ, ਜੋ ਸਾਡੀ ਪੀੜ੍ਹੀ ਨਾਲ ਬਰਕਰਾਰ ਚੱਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਸਿੱਖਸ ਆਫ ਅਮੈਰਿਕਾ ਨੇ ਉਨ੍ਹਾਂ ਨੂੰ ਬੜਾ ਸਤਿਕਾਰ ਦਿੱਤਾ ਹੈ ਅਤੇ ਉਨ੍ਹਾਂ ਸਾਰੇ ਹੀ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਇਸ ਮੌਕੇ ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ, ਜੋ ਸਿੱਖ ਅਤੇ ਮੁਸਲਮਾਨ ਭਾਈਚਾਰੇ ‘ਚ ਸਾਂਝ ਵਧਾਉਣ ਲਈ ਅਮਰੀਕਾ ਵਿਚ ਇਕ ਕੜੀ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਸਿੱਖਸ ਆਫ਼ ਅਮੈਰਿਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਵਰਿੰਦਰ ਸਿੰਘ, ਪਾਲ ਧਨੋਆ, ਚੱਤਰ ਸਿੰਘ ਸੈਣੀ, ਕੁਲਵਿੰਦਰ ਸਿੰਘ ਫਲੋਰਾ ਵੀ ਸ਼ਾਮਲ ਸਨ।
‘ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਸਿੱਖਸ ਆਫ਼ ਅਮੈਰਿਕਾ ਵੱਲੋਂ ਸਨਮਾਨਿਤ

