– ਸਿਹਤ, ਸਿੱਖਿਆ ਤੇ ਉਸਾਰੀ ਖੇਤਰਾਂ ‘ਚ ਲੱਖਾਂ ਅਸਾਮੀਆਂ ਖ਼ਾਲੀ
– ਸਕਿੱਲਡ ਮਾਈਗ੍ਰੇਸ਼ਨ ਦੀ ਮੰਗ ਹੋਈ ਤੇਜ਼; ਨਰਸਾਂ, ਅਧਿਆਪਕਾਂ ਅਤੇ ਤਕਨੀਕੀ ਕਾਰੀਗਰਾਂ ਦੀ ਭਾਰੀ ਕਿੱਲਤ
ਸਿਡਨੀ, 14 ਜੁਲਾਈ (ਪੰਜਾਬ ਮੇਲ)- ਆਸਟ੍ਰੇਲੀਆ ਇਸ ਵੇਲੇ ਸਿਹਤ, ਸਿੱਖਿਆ ਅਤੇ ਉਸਾਰੀ ਖੇਤਰ ਵਿਚ ਇਤਿਹਾਸਕ ਕਰਮਚਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ ਸੰਸਥਾ ਜੌਬਸ ਐਂਡ ਸਕਿੱਲਸ ਆਸਟ੍ਰੇਲੀਆ ਅਨੁਸਾਰ ਦੇਸ਼ ਦੀਆਂ ਲਗਭਗ 30 ਫ਼ੀਸਦੀ ਪੇਸ਼ੇਵਰ ਸ਼੍ਰੇਣੀਆਂ ਵਿਚ ਗੰਭੀਰ ਕਰਮਚਾਰੀ ਘਾਟ ਚੱਲ ਰਹੀ ਹੈ। ਸਭ ਤੋਂ ਵੱਡਾ ਸੰਕਟ ਨਰਸਾਂ ਦਾ ਹੈ, ਜਿੱਥੇ ਇਸ ਵੇਲੇ ਕਰੀਬ 1 ਲੱਖ ਨਰਸਾਂ ਦੀ ਘਾਟ ਹੈ ਅਤੇ ਸਾਲ 2030 ਤੱਕ ਇਹ ਅੰਕੜਾ 1.23 ਲੱਖ ਤੋਂ 1.50 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸਿਹਤ ਖੇਤਰ ਵਿਚ ਇਸ ਸਮੇਂ ਕੁੱਲ ਲਗਭਗ 1.50 ਲੱਖ ਅਸਾਮੀਆਂ ਖ਼ਾਲੀ ਪਈਆਂ ਹਨ।
ਸਿੱਖਿਆ ਖੇਤਰ ਵਿਚ 50 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਤੁਰੰਤ ਲੋੜ ਹੈ, ਜਦੋਂਕਿ ਭਵਿੱਖ ਵਿਚ ਇਹ ਮੰਗ 1.32 ਲੱਖ ਤੱਕ ਪਹੁੰਚ ਸਕਦੀ ਹੈ। ਉਸਾਰੀ ਅਤੇ ਤਕਨੀਕੀ ਧੰਦਿਆਂ ਵਿਚ ਕਰੀਬ 90 ਹਜ਼ਾਰ ਹੁਨਰਮੰਦ ਕਾਰੀਗਰਾਂ ਦੀ ਤੁਰੰਤ ਘਾਟ ਹੈ, ਜੋ ਸਾਲ 2026-27 ਦੌਰਾਨ 1.85 ਲੱਖ ਤੋਂ ਵੱਧ ਹੋ ਸਕਦੀ ਹੈ। ਬਿਜਲੀ ਮਿਸਤਰੀ, ਪਲੰਬਰ, ਤਰਖਾਣ, ਵੈਲਡਰ ਅਤੇ ਇੱਟਾਂ ਲਾਉਣ ਵਾਲੇ ਕਾਰੀਗਰ ਸਭ ਤੋਂ ਵੱਧ ਮੰਗ ਵਿਚ ਹਨ। ਇਸ ਤੋਂ ਇਲਾਵਾ, ਪਿੰਡਾਂ ਅਤੇ ਦੂਰ-ਦਰਾਜ਼ ਦੇ ਖੇਤਰਾਂ ਵਿਚ 1,500 ਤੋਂ 3,000 ਪਰਿਵਾਰਕ ਡਾਕਟਰਾਂ ਦੀ ਘਾਟ ਵੀ ਚਿੰਤਾ ਦਾ ਵੱਡਾ ਕਾਰਨ ਬਣੀ ਹੋਈ ਹੈ।
ਰੁਜ਼ਗਾਰ ਅਤੇ ਕਾਰਜਸਥਲ ਸਬੰਧੀ ਮੰਤਰੀ ਅਮਾਂਡਾ ਰਿਸ਼ਵਰਥ ਨੇ ਕਿਹਾ ਹੈ ਕਿ ਸਰਕਾਰ ਹੁਨਰਮੰਦ ਕਰਮਚਾਰੀਆਂ ਦੀ ਘਾਟ ਦੂਰ ਕਰਨ ਲਈ ਸਿਖਲਾਈ, ਸਿਖਿਆਰਥੀ ਯੋਜਨਾਵਾਂ ਅਤੇ ਸਕਿੱਲਡ ਮਾਈਗ੍ਰੇਸ਼ਨ (ਹੁਨਰਮੰਦ ਪਰਵਾਸ) ਪ੍ਰਣਾਲੀ ਨੂੰ ਮਜ਼ਬੂਤ ਕਰ ਰਹੀ ਹੈ, ਤਾਂ ਜੋ ਲੋੜੀਂਦੇ ਖੇਤਰਾਂ ਵਿਚ ਵਿਦੇਸ਼ਾਂ ਤੋਂ ਮਾਹਰ ਕਰਮਚਾਰੀ ਲਿਆਂਦੇ ਜਾ ਸਕਣ। ਸਰਕਾਰ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀ ਸਕਿੱਲਡ ਮਾਈਗ੍ਰੇਸ਼ਨ ਪ੍ਰਣਾਲੀ ਆਉਣ ਵਾਲੇ ਸਾਲਾਂ ਵਿਚ ਨਰਸਾਂ, ਡਾਕਟਰਾਂ, ਅਧਿਆਪਕਾਂ, ਇੰਜੀਨੀਅਰਾਂ ਅਤੇ ਉਸਾਰੀ ਖੇਤਰ ਦੇ ਕਾਰੀਗਰਾਂ ਦੀ ਘਾਟ ਪੂਰੀ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਥਾਨਕ ਸਿਖਲਾਈ ਦੇ ਨਾਲ-ਨਾਲ ਹੁਨਰਮੰਦ ਪ੍ਰਵਾਸ ਨੂੰ ਹੋਰ ਪ੍ਰਭਾਵਸ਼ਾਲੀ ਨਾ ਬਣਾਇਆ ਗਿਆ, ਤਾਂ ਵਧਦੀ ਆਬਾਦੀ, ਰਿਹਾਇਸ਼ੀ ਉਸਾਰੀ ਅਤੇ ਸਿਹਤ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨਾ ਬੇਹੱਦ ਮੁਸ਼ਕਲ ਹੋ ਸਕਦਾ ਹੈ। ਇਸੇ ਕਾਰਨ ਆਉਣ ਵਾਲੇ ਸਮੇਂ ਵਿਚ ਆਸਟ੍ਰੇਲੀਆ ਦੇ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ ਤਹਿਤ ਕਈ ਪੇਸ਼ਿਆਂ ਲਈ ਮੌਕੇ ਹੋਰ ਵੀ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ।
ਇੱਕ ਰਿਪੋਰਟ ਅਨੁਸਾਰ, ਸਾਲ 2024-25 ਵਿਚ ਆਸਟ੍ਰੇਲੀਆ ਵੱਲੋਂ ਜਾਰੀ ਕੀਤੇ ਗਏ 1,85,001 ਸਥਾਈ ਵੀਜ਼ਿਆਂ ਵਿਚੋਂ ਲਗਭਗ 71 ਫ਼ੀਸਦੀ ਨੂੰ ਹੁਨਰਮੰਦ ਮਾਈਗ੍ਰੇਸ਼ਨ ਸ਼੍ਰੇਣੀ ਵਿਚ ਦਰਸਾਇਆ ਗਿਆ ਸੀ। ਪਰ ਇਸ ਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਨ੍ਹਾਂ ਵਿਚੋਂ ਕੇਵਲ 33 ਫ਼ੀਸਦੀ ਵੀਜ਼ੇ ਹੀ ਅਸਲ ਹੁਨਰਮੰਦ ਮੁੱਖ ਬਿਨੈਕਾਰਾਂ ਨੂੰ ਮਿਲੇ, ਜਦਕਿ ਬਾਕੀ ਦੇ ਵੀਜ਼ੇ ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਵਰਗੇ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਗਏ।
ਆਸਟ੍ਰੇਲੀਆ ‘ਚ ਹੁਨਰਮੰਦ ਕਰਮਚਾਰੀਆਂ ਦਾ ਵੱਡਾ ਸੰਕਟ

