ਤੇਹਰਾਨ, 15 ਜੂਨ (ਪੰਜਾਬ ਮੇਲ)- ਮਿਡਲ ਈਸਟ ‘ਚ ਚੱਲ ਰਹੀ ਭਿਆਨਕ ਜੰਗ ਨੂੰ ਖ਼ਤਮ ਕਰਨ ਅਤੇ ਇਲਾਕੇ ‘ਚ ਸ਼ਾਂਤੀ ਬਹਾਲ ਕਰਨ ਲਈ ਅਮਰੀਕਾ ਤੇ ਇਰਾਨ ਵਿਚਾਲੇ ਐਤਵਾਰ ਨੂੰ ਇਤਿਹਾਸਕ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਬਣ ਗਈ ਹੈ। ਇਸ ਸਮਝੌਤੇ ਤਹਿਤ ਇਰਾਨ ਸਣੇ ਲਿਬਨਾਨ ‘ਤੇ ਫ਼ੌਜੀ ਕਾਰਵਾਈਆਂ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ। ਇਸ ਇਤਿਹਾਸਕ ਸਮਝੌਤੇ ‘ਤੇ 19 ਜੂਨ ਨੂੰ ਸਵਿਟਜ਼ਲੈਂਡ ‘ਚ ਅਧਿਕਾਰਤ ਤੌਰ ‘ਤੇ ਦਸਤਖਤ ਕੀਤੇ ਜਾਣਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ”ਇਰਾਨ ਦੇ ਨਾਲ ਸਮਝੌਤਾ ਹੁਣ ਪੂਰਾ ਹੋ ਗਿਆ ਹੈ। ਸਭ ਨੂੰ ਵਧਾਈਆਂ! ਮੈਂ ਹੋਰਮੂਜ਼ ਨੂੰ ਬਿਨਾਂ ਕਿਸੇ ਫ਼ੀਸ ਦੇ ਖੋਲ੍ਹਣ ਅਤੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ ਤੁਰੰਤ ਹਟਾਉਣ ਦੀ ਮਨਜ਼ੂਰੀ ਦਿੰਦਾ ਹਾਂ। ਜਹਾਜ਼ ਆਪਣੇ ਇੰਜਣ ਸਟਾਰਟ ਕਰਨ। ਤੇਲ ਦੀ ਸਪਲਾਈ ਸ਼ੁਰੂ ਕਰੋ।”
ਟਰੰਪ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵੀ ਸੋਸ਼ਲ ਮੀਡੀਆ ‘ਐਕਸ’ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਦੋਵਾਂ ਧਿਰਾਂ ਨੇ ਲਿਬਨਾਨ ਸਣੇ ਸਾਰੇ ਮੋਰਚਿਆਂ ‘ਤੇ ਫ਼ੌਜੀ ਕਾਰਵਾਈ ਨੂੰ ਤੁਰੰਤ ਅਤੇ ਹਮੇਸ਼ਾ ਲਈ ਰੋਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਮਸਲੇ ਦਾ ਗੱਲਬਾਤ ਰਾਹੀਂ ਹੱਲ ਲੱਭਣ ਲਈ ਅਮਰੀਕਾ ਅਤੇ ਇਰਾਨ ਦੀ ਵਚਨਬੱਧਤਾ ਦਾ ਧੰਨਵਾਦ ਕੀਤਾ।
ਸ਼ਹਿਬਾਜ਼ ਸ਼ਰੀਫ਼ ਨੇ ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ‘ਚ ਵਿਚੋਲਿਆਂ ਦੀ ਅਹਿਮ ਭੂਮਿਕਾ ਨਿਭਾਉਣ ਲਈ ਕਤਰ ਦੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਊਦੀ ਅਰਬ ਅਤੇ ਤੁਰਕੀ ਦੀ ਲੀਡਰਸ਼ਿਪ ਦੀ ਵੀ ਖ਼ਾਸ ਤੌਰ ‘ਤੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਦਿਸ਼ਾ ‘ਚ ਵੱਡਾ ਯੋਗਦਾਨ ਪਾਇਆ ਹੈ।
ਸਮਝੌਤੇ ‘ਤੇ ਸਹਿਮਤੀ ਬਣਨ ਤੋਂ ਬਾਅਦ, ਇਸ ਗੱਲਬਾਤ ‘ਚ ਵਿਚੋਲਗੀ ਕਰਨ ਵਾਲੇ ਦੇਸ਼ ਇਸ ਹਫ਼ਤੇ ਕਈ ਮੀਟਿੰਗਾਂ ਦਾ ਆਯੋਜਨ ਕਰਨਗੇ। ਇਨ੍ਹਾਂ ਮੀਟਿੰਗਾਂ ‘ਚ 19 ਜੂਨ ਨੂੰ ਹੋਣ ਵਾਲੇ ਸਾਈਨਿੰਗ ਪ੍ਰੋਗਰਾਮ ਤੋਂ ਪਹਿਲਾਂ, ਸਮਝੌਤੇ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਤਕਨੀਕੀ ਅਤੇ ਅਧਿਕਾਰਤ ਚਰਚਾਵਾਂ ਦਾ ਆਧਾਰ ਤਿਆਰ ਕੀਤਾ ਜਾਵੇਗਾ।
ਅਮਰੀਕਾ ਤੇ ਇਰਾਨ ਵਿਚਾਲੇ ਇਤਿਹਾਸਕ ਸ਼ਾਂਤੀ ਸਮਝੌਤੇ ‘ਤੇ ਬਣੀ ਸਹਿਮਤੀ

