– ਮੇਅਰ ਬਰਿੰਡਾ ਲੌਕ, ਸਾਂਸਦ ਰਣਦੀਪ ਸਿੰਘ ਸਰਾਏ ਸਮੇਤ ਹੋਰਨਾਂ ਵੱਲੋਂ ਕਿਤਾਬ ਇਤਿਹਾਸਕ ਮੀਲ ਪੱਥਰ ਕਰਾਰ
ਸਰੀ, 15 ਜੂਨ (ਗੁਰਪ੍ਰੀਤ ਸਿੰਘ ਤਲਵੰਡੀ/ਪੰਜਾਬ ਮੇਲ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਿਆਸਤ ਰਾਏਕੋਟ ਦੇ ਨਬਾਵ ਰਾਏ ਕੱਲ੍ਹਾ ਦੁਆਰਾ ਕੀਤੀ ਸੇਵਾ ਤੋਂ ਪ੍ਰਸੰਨ ਹੋ ਕੇ ਰਾਏ ਕੱਲ੍ਹਾ ਦੇ ਪਰਿਵਾਰ ਨੂੰ ਪਵਿੱਤਰ ਗੰਗਾ ਸਾਗਰ, ਪੋਥੀ ਰੱਖਣ ਵਾਲੀ ਲੱਕੜ ਦੀ ਰੈਹਲ਼ ਅਤੇ ਇੱਕ ਸ੍ਰੀ ਸਾਹਿਬ ਨਿਸ਼ਾਨੀ ਵਜੋਂ ਦਿੱਤੀ ਸੀ। ਇਨ੍ਹਾਂ ਨਿਸ਼ਾਨੀਆਂ ਵਿਚੋਂ ਲੱਕੜ ਦੀ ਰਹਿਲ਼ ਭਾਵੇਂ ਸਮਾਂ ਵਧੇਰੇ ਹੋਣ ਕਾਰਨ ਸੁਰੱਖਿਅਤ ਨਹੀਂ ਰਹਿ ਸਕੀ, ਪਰ ਵਿਸ਼ੇਸ਼ ਧਾਤੂ ਦਾ ਬਣਿਆਂ ਸੁਰਾਹੀ ਨੁਮਾ ਗੰਗਾ ਸਾਗਰ ਹੀ ਰਾਏ ਪਰਿਵਾਰ ਪਾਸ ਸੁਰੱਖਿਅਤ ਹੈ। ਜਦਕਿ ਛੋਟੀ ਸ੍ਰੀ ਸਾਹਿਬ ਅੰਗਰੇਜ਼ ਸਰਕਾਰ ਦੁਆਰਾ ਪਰਿਵਾਰ ਪਾਸੋਂ ਲੈ ਲਈ ਗਈ ਸੀ। ਪਵਿੱਤਰ ਗੰਗਾ ਸਾਗਰ ਸਿੱਖਾਂ ਲਈ ਗੁਰੂ ਸਾਹਿਬ ਦੇ ਹੱਥਾਂ ਦੀ ਛੋਹ ਪ੍ਰਾਪਤ ਬੇਸ਼ਕੀਮਤੀ ਨਿਸ਼ਾਨੀ ਹੈ।
ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਦੁਆਰਾ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਪਵਿੱਤਰ ਗੰਗਾ ਸਾਗਰ ਅਤੇ ਸਮੁੱਚੇ ਰਾਏ ਪਰਿਵਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਾਲੀ ਕਿਤਾਬ ‘ਦਸ਼ਮੇਸ਼ ਪਿਤਾ ਬਖਸ਼ਿਸ਼, ਪਵਿੱਤਰ ਗੰਗਾ ਸਾਗਰ-ਸੁੱਚੀ ਸੇਵਾ ਸੰਭਾਲ’ ਦਾ ਲੋਕ ਅਰਪਣ ਸਮਾਰੋਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਕਰਵਾਇਆ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵਲੋਂ ਰਾਏ ਕੱਲ੍ਹਾ ਦੀ ਨੌਵੀਂ ਪੀੜ੍ਹੀ ਦੇ ਵਾਰਿਸ ਰਾਏ ਅਜੀਜ ਉੱਲਾ ਸਾਬਕਾ ਮੈਂਬਰ ਪਾਰਲੀਮੈਂਟ ਪਾਕਿਸਤਾਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਰੋਹ ਦੌਰਾਨ ਉਚੇਚਾ ਪਹੁੰਚੇ ਸਰੀ ਦੇ ਮੇਅਰ ਬਰਿੰਡਾ ਲੌਕ ਅਤੇ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਕਿਤਾਬ ਇਤਿਹਾਸਕ ਪੱਖੋਂ ਤੇ ਸੱਭਿਆਚਾਰਕ ਪੱਖੋਂ ਬੜੀ ਮਹੱਤਵਪੂਰਨ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਮੁੱਚੀ ਮਨੁੱਖਤਾ ਦੇ ਰਹਿਬਰ ਸਨ, ਤੇ ਉਨ੍ਹਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਇਹ ਨਿਸ਼ਾਨੀ ਰਾਏ ਪਰਿਵਾਰ ਨੇ ਬੜੀ ਹੀ ਪਵਿੱਤਰਤਾ ਨਾਲ ਸਾਂਭ ਕੇ ਰੱਖੀ ਹੋਈ ਹੈ। ਉਨ੍ਹਾਂ ਕਿਤਾਬ ਦੇ ਲੋਕ ਅਰਪਣ ਸਮਾਰੋਹ ਤੇ ਰਾਏ ਪਰਿਵਾਰ ਨੂੰ ਵਧਾਈ ਵੀ ਦਿੱਤੀ।
ਸਮਾਰੋਹ ਦੌਰਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਰਾਏ ਪਰਿਵਾਰ ਨੂੰ ਗੁਰੂ ਸਾਹਿਬ ਦੁਆਰਾ ਬਖਸ਼ਿਸ਼ ਕੀਤੀ ਇਸ ਪਵਿੱਤਰ ਨਿਸ਼ਾਨੀ ਦੇ ਇਤਿਹਾਸਕ ਪੱਖਾਂ ਬਾਰੇ ਬਾਖੂਬੀ ਚਾਨਣਾਂ ਪਾਇਆ। ਸਮਾਰੋਹ ਦੌਰਾਨ ਪੰਜਾਬ ਭਵਨ ਸਰੀ ਦੇ ਸੰਚਾਲਕ ਸੁੱਖੀ ਬਾਠ, ਲੇਖਕ ਕਵਿੰਦਰ ਸਿੰਘ ਚਾਂਦ, ਸੁਰਜੀਤ ਸਿੰਘ ਮਾਧੋਪੁਰੀ, ਹਰਦੇਵ ਸਿੰਘ ਗਰੇਵਾਲ, ਬਲਦੇਵ ਸਿੰਘ ਬਾਠ ਬਸੰਤ ਮੋਟਰਜ਼, ਗੀਤਕਾਰ ਇੰਦਾ ਰਾਏਕੋਟੀ, ਮੋਤਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਹਾਜ਼ਰ ਵੱਡੀ ਗਿਣਤੀ ਸ਼ਖਸੀਅਤਾਂ ਵਲੋਂ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ। ਸਭਾ ਦੇ ਨੁਮਾਇੰਦਿਆਂ ਅਤੇ ਰਾਏਕੋਟ ਵਾਸੀਆਂ ਵਲੋਂ ਰਾਏ ਕੱਲ੍ਹਾ ਦੀ ਨੌਵੀਂ ਪੀੜ੍ਹੀ ਦੇ ਰਾਏ ਅਜੀਜ ਉੱਲਾ ਸਾਬਕਾ ਮੈਂਬਰ ਪਾਰਲੀਮੈਂਟ ਪਾਕਿਸਤਾਨ ਅਤੇ ਸਮੁੱਚੇ ਰਾਏ ਪਰਿਵਾਰ ਦਾ ਭਰਵਾਂ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੌਰਾਨ ਹੀ ਪੰਜਾਬ ਤੋਂ ਕਿਤਾਬ ਦੇ ਲੇਖਕ ਡਾ. ਗੁਰਦੇਵ ਸਿੰਘ ਸਿੱਧੂ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਗੁਰਭਜਨ ਗਿੱਲ ਅਤੇ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ ਦੁਆਰਾ ਭੇਜਿਆ ਗਿਆ ਵਿਸ਼ੇਸ਼ ਵਧਾਈ ਸੰਦੇਸ਼ ਵੀ ਪੜ੍ਹਿਆ ਗਿਆ। ਅੰਤ ਵਿਚ ਰਾਏ ਅਜੀਜ ਉੱਲਾ ਨੇ ਸਮਾਗਮ ਦੌਰਾਨ ਪਹੁੰਚੀਆਂ ਸਾਰੀਆਂ ਹੀ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਏ ਮੁਹੰਮਦ ਅਲੀ, ਉੱਘੇ ਸਮਾਜ ਸੇਵੀ ਮਾ. ਗੁਰਦਿਆਲ ਸਿੰਘ ਜੌਹਲ, ਰੇਡਿਓ ਹੋਸਟ ਹਰਜਿੰਦਰ ਸਿੰਘ ਥਿੰਦ, ਰੇਡਿਓ ਹੋਸਟ ਮਨਿੰਦਰ ਗਿੱਲ, ਪੱਤਰਕਾਰ ਦਵਿੰਦਰ ਸਿੰਘ ਬੈਨੀਪਾਲ, ਸਮਾਜ ਸੇਵਕ ਰਣਜੀਤ ਸਿੰਘ ਸੋਹੀ, ਜੋਗਿੰਦਰ ਸਿੰਘ ਭੁੱਲਰ, ਬਰਜ ਢਾਹਾਂ, ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ, ਬਨਜੋਤ ਸਿੰਘ ਸੰਘੇੜਾ ਅਤੇ ਨਦੀਮ ਆਦਿ ਵੀ ਹਾਜਰ ਸਨ।
ਕਿਤਾਬ ‘ਦਸਮੇਸ਼ ਪਿਤਾ ਬਖਸ਼ਿਸ਼, ਪਵਿੱਤਰ ਗੰਗਾ ਸਾਗਰ-ਸੁੱਚੀ ਸੇਵਾ ਸੰਭਾਲ’ ਦਾ ਲੋਕ ਅਰਪਣ ਸਮਾਰੋਹ

