#CANADA

ਏਅਰ ਕੈਨੇਡਾ ਦਾ ਪਾਇਲਟ ਬਿਨਾ ਲਾਇਸੈਂਸ 27 ਸਾਲ ਜਹਾਜ਼ ਉਡਾਉਣ ਤੋਂ ਬਾਅਦ ਹੋਇਆ ਸੇਵਾਮੁਕਤ

– 900 ਤੋਂ ਵੱਧ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ
– ਪੁਲਿਸ ਵੱਲੋਂ ਕੇਸ ਦਰਜ
ਵੈਨਕੂਵਰ, 10 ਜੂਨ (ਪੰਜਾਬ ਮੇਲ)- ਪੀਲ ਪੁਲਿਸ ਨੇ ਅਜਿਹੇ ਪਾਇਲਟ ਨੂੰ ਬੇਨਕਾਬ ਕੀਤਾ ਹੈ, ਜੋ ਬਿਨਾ ਲਾਇਸੈਂਸ ਦੇ ਏਅਰ ਕੈਨੇਡਾ ਵਿਚ 27 ਸਾਲ ਪਾਇਲਟ ਵਜੋਂ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋ ਗਿਆ। ਪੁਲਿਸ ਨੇ ਉਸ ਖਿਲਾਫ ਕੇਸ ਦਰਜ ਕੀਤਾ ਹੈ।
2025 ਵਿਚ ਏਅਰ ਕੈਨੇਡਾ ਤੋਂ ਸੇਵਾਮੁਕਤ ਹੋਇਆ 59 ਸਾਲਾ ਜੈਫਰੀ ਵਾਲ ਜਾਅਲੀ ਲਾਇਸੈਂਸ ‘ਤੇ ਪਾਇਲਟ ਭਰਤੀ ਹੋ ਕੇ ਜਹਾਜ਼ ਉਡਾਉਂਦਾ ਰਿਹਾ। ਇਸ ਦੌਰਾਨ ਉਸ ਨੇ ਛੋਟੇ ਤੇ ਵੱਡੇ ਜਹਾਜ਼ਾਂ ‘ਤੇ 900 ਤੋਂ ਵੱਧ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ। ਪੁਲਿਸ ਅਨੁਸਾਰ ਉਸ ਕੋਲ ਕਮਰਸ਼ੀਅਲ ਪਾਇਲਟ ਲਾਇਸੈਂਸ ‘ਏ’ ਤਾਂ ਸੀ, ਪਰ ਉਸ ਨੇ ਕਦੀ ਵੀ ਏਅਰ ਲਾਈਨ ਪਾਇਲਟ ਲਾਇਸੈਂਸ ਹਾਸਲ ਨਹੀਂ ਕੀਤਾ, ਜੋ ਕਿ ਬੋਇੰਗ 777 ਵਰਗੇ ਵੱਡੇ ਜਹਾਜ਼ ਉਡਾਉਣ ਲਈ ਜ਼ਰੂਰੀ ਹੁੰਦਾ ਹੈ। ਜੈਫਰੀ ਵਾਲ ਵੱਖ-ਵੱਖ ਸਮਿਆਂ ‘ਤੇ ਏਅਰ ਕੈਨੇਡਾ ਪਾਇਲਟ ਐਸੋਸੀਏਸ਼ਨ ਦੇ ਅਹਿਮ ਅਹੁਦੇ ਵੀ ਸੰਭਾਲਦਾ ਰਿਹਾ, ਪਰ ਕਿਸੇ ਨੇ ਉਸ ਕੋਲ ਏ.ਟੀ.ਪੀ.ਐੱਲ.ਏ. ਲਾਇਸੈਂਸ ਹੋਣ ਦਾ ਪਤਾ ਲਾਉਣ ਦੀ ਲੋੜ ਨਹੀਂ ਸਮਝੀ।
ਪੁਲਿਸ ਨੂੰ ਉਸ ਦੀ ਚਲਾਕੀ ਦਾ ਪਤਾ ਉਸ ਦੇ ਸੇਵਾਮੁਕਤ ਹੋਣ ਤੋਂ ਬਾਅਦ ਲੱਗਾ, ਤਾਂ ਇਸ ਸਾਲ ਪਹਿਲੀ ਜਨਵਰੀ ਤੋਂ ਪੜਤਾਲ ਹੋਣ ਲੱਗੀ। ਇਸ ਦੌਰਾਨ ਉਸ ਦੇ ਘਰ ਦੀ ਤਲਾਸ਼ੀ ਲਈ ਗਈ, ਤਾਂ ਉੱਥੋਂ ਮਿਲੇ ਦਸਤਾਵੇਜ਼ਾਂ ਨੇ ਸਾਰੇ ਭੇਤ ਖੋਲ੍ਹ ਦਿੱਤੇ। ਏਅਰ ਕੈਨੇਡਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਸੀ ਕਿ ਉਸ ਵੱਲੋਂ ਯਾਤਰੀਆੰ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਹਰੇਕ 6 ਮਹੀਨੇ ਬਾਅਦ ਸਾਰੇ ਪਾਇਲਟਾਂ ਨੂੰ ਤਕਨੀਕੀ ਤੌਰ ‘ਤੇ ਅਪਡੇਟ ਕੀਤਾ ਜਾਂਦਾ ਹੈ ਅਤੇ ਸਾਲ ਬਾਅਦ ਹਰੇਕ ਪਾਇਲਟ ਦੀ ਤਕਨੀਕੀ ਕਾਬਲੀਅਤ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਉਸ ਨੂੰ ਅੱਗੇ ਤੋਂ ਜਹਾਜ਼ ਉਡਾਉਣ ਲਈ ਭੇਜਿਆ ਜਾਂਦਾ ਹੈ।