#AMERICA

ਟਰੰਪ ਵੱਲੋਂ ਐੱਚ-1ਬੀ ਫੀਸ ਰੱਦ ਕਰਨ ਦੇ ਅਦਾਲਤੀ ਹੁਕਮ ਦੀ ਆਲੋਚਨਾ

ਕਿਹਾ; ਦੇਸ਼ ਨੂੰ ਬਹੁਤ ਨੁਕਸਾਨ ਹੋ ਰਿਹੈ
ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਅਦਾਲਤ (ਫੈੱਡਰਲ ਕੋਰਟ) ਦੇ ਉਸ ਹੁਕਮ ਦੀ ਆਲੋਚਨਾ ਕੀਤੀ ਹੈ, ਜਿਸ ਵਿਚ ਇਕ ਲੱਖ ਡਾਲਰ ਦੀ ਐੱਚ-1ਬੀ ਵੀਜ਼ਾ ਫੀਸ ਨੂੰ ਰੱਦ ਕਰ ਦਿੱਤਾ ਗਿਆ ਸੀ। ਟਰੰਪ ਨੇ ਇਹ ਵੀ ਕਿਹਾ ਕਿ ਅਜਿਹੇ ਅਦਾਲਤੀ ਫੈਸਲੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ।
ਮੈਡੀਸਨ ਸਕੁਏਅਰ ਗਾਰਡਨ ਵਿਚ ਐੱਨ.ਬੀ.ਏ. ਫਾਈਨਲ ਦੇਖਣ ਤੋਂ ਬਾਅਦ ਨਿਊਯਾਰਕ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਜੱਜ ਸਾਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ, ਇਹ ਬਿਲਕੁਲ ਪਾਗਲਪਨ ਹੈ। ਉਹ ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਹਨ। ਮੈਸਾਚੂਸੈਟਸ ਦੇ ਇਕ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ ਉੱਚ ਹੁਨਰਮੰਦ ਕਰਮਚਾਰੀਆਂ ਲਈ ਐੱਚ-1ਬੀ ਵੀਜ਼ਾ ‘ਤੇ ਲਾਈ ਗਈ ਇਕ ਲੱਖ ਡਾਲਰ ਦੀ ਫੀਸ ਨੂੰ ਰੱਦ ਕਰ ਦਿੱਤਾ ਸੀ।
ਫੀਸ ਦੇ ਇਸ ਹੁਕਮ ਨੂੰ ਕੈਲੀਫੋਰਨੀਆ ਅਤੇ 19 ਹੋਰ ਸੂਬਿਆਂ ਵੱਲੋਂ ਚੁਣੌਤੀ ਦਿੱਤੀ ਗਈ ਸੀ। ਜੱਜ ਲਿਓ ਸੋਰੋਕਿਨ ਨੇ ਫੈਸਲਾ ਸੁਣਾਇਆ ਕਿ ਐੱਚ-1ਬੀ ਅਰਜ਼ੀਆਂ ‘ਤੇ ਟਰੰਪ ਵੱਲੋਂ ਲਾਈ ਗਈ ਇਕ ਲੱਖ ਡਾਲਰ ਦੀ ਫੀਸ ਗੈਰ-ਕਾਨੂੰਨੀ ਸੀ, ਕਿਉਂਕਿ ਇਸ ਨੂੰ ਅਮਰੀਕੀ ਕਾਂਗਰਸ (ਸੰਸਦ) ਦੀ ਮਨਜ਼ੂਰੀ ਨਹੀਂ ਮਿਲੀ ਸੀ। ਟਰੰਪ ਨੇ ਪਿਛਲੇ ਸਾਲ ਸਤੰਬਰ ਵਿਚ ਇਕ ਐਲਾਨਨਾਮੇ ‘ਤੇ ਦਸਤਖਤ ਕੀਤੇ ਸਨ, ਜਿਸ ਵਿਚ ਨਵੀਆਂ ਐੱਚ-1ਬੀ ਵੀਜ਼ਾ ਅਰਜ਼ੀਆਂ ਲਈ ਇਕ ਲੱਖ ਡਾਲਰ ਦੀ ਫੀਸ ਤੈਅ ਕੀਤੀ ਗਈ ਸੀ।