#AMERICA

ਅਮਰੀਕਾ ‘ਚ ਵਧ ਰਹੀ ਸਿੱਖ ਵਿਰੋਧੀ ਬਿਆਨਬਾਜ਼ੀ ‘ਤੇ ਸਿੱਖ ਕੋਲੀਸ਼ਨ ਵੱਲੋਂ ਚਿੰਤਾ ਜ਼ਾਹਿਰ

ਵਾਸ਼ਿੰਗਟਨ, 9 ਜੂਨ (ਪੰਜਾਬ ਮੇਲ)- ਅਮਰੀਕਾ ਦੀ ਸਿੱਖ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਦੇ ਕਾਰਜਕਾਰੀ ਡਾਇਰੈਕਟਰ ਹਰਮਨ ਸਿੰਘ ਨੇ ਹਾਲ ਹੀ ਵਿਚ ਸਿੱਖ ਭਾਈਚਾਰੇ ਨੂੰ ਇੱਕ ਪੱਤਰ ਲਿਖ ਕੇ ਵਧ ਰਹੀ ਸਿੱਖ ਵਿਰੋਧੀ ਅਤੇ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ‘ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਵਿਚ ਇੱਕ ਕਤਲ ਦੀ ਘਟਨਾ ਤੋਂ ਬਾਅਦ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀਆਂ ਟਿੱਪਣੀਆਂ ਇੱਕ ਜਾਣੇ-ਪਛਾਣੇ ਰੁਝਾਨ ਦਾ ਹਿੱਸਾ ਹਨ, ਜਿਸ ਦਾ ਸਾਹਮਣਾ ਪਹਿਲਾਂ ਹੋਰ ਧਾਰਮਿਕ ਅਤੇ ਪ੍ਰਵਾਸੀ ਭਾਈਚਾਰੇ ਵੀ ਕਰ ਚੁੱਕੇ ਹਨ।
ਇਹ ਵਿਵਾਦ ਉਸ ਸਮੇਂ ਉੱਭਰਿਆ, ਜਦੋਂ ਦਸੰਬਰ 2025 ਵਿਚ ਬਰਤਾਨੀਆ ਦੇ ਸਾਊਥਹੈਂਪਟਨ ਵਿਚ ਯੂਨੀਵਰਸਿਟੀ ਆਫ ਸਾਊਥਹੈਂਪਟਨ ਦੇ ਵਿਦਿਆਰਥੀ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ 23 ਸਾਲਾ ਵਿਕਰਮ ਦਿਗਵਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਘਟਨਾ ਤੋਂ ਬਾਅਦ ਬਰਤਾਨੀਆ ਦੀਆਂ ਕੁਝ ਦੱਖਣਪੰਥੀ ਸਿਆਸੀ ਧਿਰਾਂ ਅਤੇ ਆਗੂਆਂ ਨੇ ਜਨਤਕ ਥਾਵਾਂ ‘ਤੇ ਕਿਰਪਾਨ ਲਿਜਾਣ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਧਾਰਮਿਕ ਛੋਟਾਂ ਦੇ ਬਾਵਜੂਦ ਸਾਰੇ ਹਥਿਆਰਾਂ ਲਈ ਇੱਕੋ ਜਿਹੇ ਨਿਯਮ ਹੋਣੇ ਚਾਹੀਦੇ ਹਨ।
ਹਰਮਨ ਸਿੰਘ ਨੇ ਆਪਣੇ ਪੱਤਰ ਵਿਚ ਦਾਅਵਾ ਕੀਤਾ ਕਿ ਕੁਝ ਪ੍ਰਭਾਵਸ਼ਾਲੀ ਸੱਜੇਪੱਖੀ ਟਿੱਪਣੀਕਾਰਾਂ ਨੇ ਇਸ ਘਟਨਾ ਨੂੰ ਇਮੀਗ੍ਰੇਸ਼ਨ ਅਤੇ ਕੌਮੀ ਪਛਾਣ ਨਾਲ ਜੋੜ ਕੇ ਪੇਸ਼ ਕੀਤਾ। ਉਨ੍ਹਾਂ ਖ਼ਾਸ ਤੌਰ ‘ਤੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀਆਂ ਟਿੱਪਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਗੱਲ ਹੋਰ ਵੀ ਚਿੰਤਾਜਨਕ ਹੈ ਕਿਉਂਕਿ ਅਜਿਹੇ ਵਿਚਾਰ ਹੁਣ ਮੁੱਖ ਧਾਰਾ ਦੀ ਸਿਆਸਤ ਵਿਚ ਵੀ ਸੁਣੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਾਹਮਣੇ ਆਏ ਕਈ ਸੁਨੇਹੇ ਖ਼ਾਸ ਤੌਰ ‘ਤੇ ਸਿੱਖ ਇਮੀਗ੍ਰੇਸ਼ਨ, ਟਰੱਕਿੰਗ ਉਦਯੋਗ ਵਿਚ ਸਿੱਖਾਂ ਦੀ ਭੂਮਿਕਾ ਅਤੇ ਸਿੱਖ ਧਾਰਮਿਕ ਪਛਾਣ ਨਾਲ ਸਬੰਧਤ ਸਨ। ਉਨ੍ਹਾਂ ਦੇ ਅਨੁਸਾਰ ਇਹ ਮਾਮਲਾ ਗਲਤ ਪਛਾਣ ਦਾ ਨਹੀਂ, ਸਗੋਂ ਸਿੱਧੇ ਤੌਰ ‘ਤੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦਾ ਹੈ।
ਹਰਮਨ ਸਿੰਘ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਹੈਨਰੀ ਨੋਵਾਕ ਦੀ ਹੱਤਿਆ ਦੀ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਵੱਲੋਂ ਨਿੰਦਾ ਕੀਤੀ ਗਈ ਸੀ। ਅਕਾਲ ਤਖ਼ਤ, ਬਰਤਾਨੀਆ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਕਈ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਖੁੱਲ੍ਹ ਕੇ ਨਿੰਦਾ ਕੀਤੀ ਸੀ। ਇਸ ਦੇ ਬਾਵਜੂਦ ਸਿੱਖਾਂ ਖ਼ਿਲਾਫ਼ ਬਿਆਨਬਾਜ਼ੀ ਜਾਰੀ ਰਹੀ।