#EUROPE

ਇੰਗਲੈਂਡ ਦੀ ਅਦਾਲਤ ਵੱਲੋਂ ਕਤਲ ਮਾਮਲੇ ‘ਚ ਦੋਸ਼ੀ ਵਿਕਰਮ ਨੂੰ ਉਮਰ ਕੈਦ

-ਪ੍ਰਦਰਸ਼ਨਕਾਰੀਆਂ ਨੇ ਘਰ ‘ਤੇ ਕਰ’ਤਾ ਹਮਲਾ
ਸਾਊਥੈਮਪਟਨ (ਇੰਗਲੈਂਡ), 4 ਜੂਨ (ਪੰਜਾਬ ਮੇਲ)- ਇੰਗਲੈਂਡ ਦੇ ਸਾਊਥੈਮਪਟਨ ਵਿਚ ਇੱਕ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਫੈਸਲਾ ਸੁਣਾਉਂਦਿਆਂ ਦਿਗਵਾ ਨੂੰ ਘੱਟੋ-ਘੱਟ 21 ਸਾਲ ਦੀ ਕੈਦ ਕੱਟਣ ਦੇ ਹੁਕਮ ਦਿੱਤੇ ਹਨ।
ਵਿਕਰਮ ਦਿਗਵਾ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਊਥੈਮਪਟਨ ਵਿਚ ਸਥਾਨਕ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਪ੍ਰਦਰਸ਼ਨਕਾਰੀਆਂ ਦੀ ਇੱਕ ਭੀੜ ਨੇ ਦੋਸ਼ੀ ਦੇ ਪਰਿਵਾਰਕ ਘਰ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਇਲਾਕੇ ਵਿਚ ਤਣਾਅ ਪੈਦਾ ਹੋ ਗਿਆ। ਪੀੜਤ ਪਰਿਵਾਰ ਅਤੇ ਸਥਾਨਕ ਲੋਕ ਹੁਣ ਹੈਨਰੀ ਨੋਵਾਕ ਲਈ ਪੂਰੇ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਦਸੰਬਰ 2025 ਵਿਚ ਵਾਪਰੀ ਸੀ, ਜਦੋਂ ਵਿਕਰਮ ਦਿਗਵਾ ਨੇ ਹੈਨਰੀ ਨੋਵਾਕ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਕਰਨ ਤੋਂ ਬਾਅਦ ਦਿਗਵਾ ਨੇ ਖੁਦ ਐਮਰਜੈਂਸੀ ਕਾਲ ਕਰਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਅਪਰੇਟਰਾਂ ਨੂੰ ਝੂਠ ਬੋਲਿਆ ਕਿ ਉਹ ਖੁਦ ਪੀੜਤ ਹੈ ਅਤੇ ਨੋਵਾਕ ਨੇ ਉਸ ‘ਤੇ ਨਸਲੀ ਟਿੱਪਣੀਆਂ ਕਰਕੇ ਪਹਿਲਾਂ ਹਮਲਾ ਕੀਤਾ ਸੀ। ਹਾਲਾਂਕਿ, ਅਦਾਲਤ ਨੇ ਪਾਇਆ ਕਿ ਦਿਗਵਾ ਦਾ ਹਰ ਇੱਕ ਸ਼ਬਦ ਸਫੈਦ ਝੂਠ ਸੀ।
ਜਿਸ ਸਮੇਂ ਕਾਤਲ ਦਿਗਵਾ ਪੁਲਿਸ ਨੂੰ ਝੂਠੀਆਂ ਕਹਾਣੀਆਂ ਸੁਣਾ ਰਿਹਾ ਸੀ, ਉਸ ਵੇਲੇ ਹੈਨਰੀ ਨੋਵਾਕ ਸੜਕ ‘ਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਸੀ। ਉਸ ਨੇ ਅਧਿਕਾਰੀਆਂ ਨੂੰ ਨੌਂ ਵਾਰ ਕਿਹਾ ਕਿ ਉਹ ਸਾਹ ਨਹੀਂ ਲੈ ਸਕਦਾ ਅਤੇ ਚਾਰ ਵਾਰ ਦੱਸਿਆ ਕਿ ਉਸ ਨੂੰ ਚਾਕੂ ਮਾਰਿਆ ਗਿਆ ਹੈ। ਦਰਦਨਾਕ ਗੱਲ ਇਹ ਰਹੀ ਕਿ ਪੁਲਿਸ ਅਧਿਕਾਰੀਆਂ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਹੀ ਹੱਥਕੜੀਆਂ ਲਗਾ ਦਿੱਤੀਆਂ। ਹੈਨਰੀ ਦੇ ਆਖਰੀ ਸ਼ਬਦ ਸਨ, ”ਪਲੀਜ਼ ਬ੍ਰਦਰ, ਮੈਂ ਸਾਹ ਨਹੀਂ ਲੈ ਸਕਦਾ”।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਦੀ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਕਤਲ ਵਿਚ ਵਰਤਿਆ ਗਿਆ ਹਥਿਆਰ ਛੁਪਾ ਦਿੱਤਾ ਸੀ। ਕਾਤਲ ਦੇ ਝੂਠ ‘ਤੇ ਪਹਿਲਾਂ ਪੁਲਿਸ ਨੇ ਵਿਸ਼ਵਾਸ ਕਰ ਲਿਆ ਸੀ, ਜਿਸ ਕਾਰਨ ਪੀੜਤ ਹੈਨਰੀ ਨੂੰ ਇਨਸਾਫ ਮਿਲਣ ਵਿਚ ਦੇਰੀ ਹੋਈ।