#PUNJAB

ਐੱਨ.ਆਈ.ਏ. ਅਦਾਲਤ ਵੱਲੋਂ ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3 ਕਸ਼ਮੀਰੀਆਂ ਨੂੰ ਕੈਦ ਦੀ ਸਜ਼ਾ

ਮੋਹਾਲੀ, 4 ਜੂਨ (ਪੰਜਾਬ ਮੇਲ)- ਜਲੰਧਰ ‘ਚ ਕਾਲਜ ਦੇ ਹੋਸਟਲ ‘ਚ ਏ.ਕੇ.-47 ਅਤੇ ਹੋਰ ਵਿਸਫੋਟਕ ਸਮੱਗਰੀ ਮਿਲਣ ਦੇ ਮਾਮਲੇ ‘ਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਵੱਲੋਂ ਜ਼ਾਹਿਦ ਗੁਲਜ਼ਾਰ, ਯਸ਼ੀਰ ਰਫੀਕ ਭੱਟ ਅਤੇ ਮੁਹੰਮਦ ਇਦਰੀਸ਼ ਸ਼ਾਹ ਨੂੰ ਦੋਸ਼ੀ ਠਹਿਰਾਉਂਦਿਆਂ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਸਤਗਾਸਾ ਪੱਖ (ਐੱਨ.ਆਈ.ਏ.) ਮੁਲਜ਼ਮ ਸੁਹੈਲ ਅਹਿਮਦ ਭੱਟ ਦੇ ਖ਼ਿਲਾਫ਼ ਦੋਸ਼ ਸਾਬਤ ਕਰਨ ‘ਚ ਅਸਫਲ ਰਿਹਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਸਾਰੇ ਦੋਸ਼ਾਂ ਤੋਂ 2 ਮਈ ਨੂੰ ਬਰੀ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਇੱਕ ਇੰਸਟੀਚਿਊਟ ਦੇ ਹੋਸਟਲ ਦੇ ਕਮਰਿਆਂ ‘ਚ ਗੁਲਜਾਰ, ਰਫੀਕ ਅਤੇ ਇਦਰਿਸ਼ ਮੌਜੂਦ ਹਨ ਅਤੇ ਉਨ੍ਹਾਂ ਦੇ ਕੋਲ ਹਥਿਆਰ ਅਤੇ ਗੋਲਾ-ਬਰੂਦ ਮੌਜੂਦ ਹੈ, ਜੋ ਕਿ ਦੇਸ਼ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਉਕਤ ਹੋਸਟਲ ਦੇ ਕਮਰੇ ‘ਚ ਦਬਿਸ਼ ਦਿੱਤੀ ਅਤੇ ਪੁਲਿਸ ਨੂੰ ਏਕੇ-47, ਕਈ ਕਾਰਤੂਸ, ਮੈਗਜ਼ੀਨ, ਪਿਸਤੌਲ ਅਤੇ ਇਕ ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਸੀ।
ਉਕਤ ਮੁਲਜ਼ਮ ਅੱਤਵਾਦੀ ਗਿਰੋਹ ਅੰਸਾਰ ਗਜਾਵਤ ਉਲ ਹਿੰਦ ਨਾਲ ਜੁੜੇ ਹੋਏ ਸਨ ਅਤੇ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਨੂੰ ਅੱਤਵਾਦੀ ਗਰੋਹ ‘ਚ ਸ਼ਾਮਲ ਕਰਨ ਲਈ ਲੱਗੇ ਹੋਏ ਸਨ, ਤਾਂ ਜੋ ਪੰਜਾਬ ਸਟੇਟ ‘ਚ ਗੈਰ-ਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਸਕੇ।