#PUNJAB

ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਚ ਫੇਰਬਦਲ ਦੀਆਂ ਅਟਕਲਾਂ ਨੂੰ ਵਿਰਾਮ

-ਪੰਜਾਬ ਕਾਂਗਰਸ ‘ਚ ਨਹੀਂ ਹੋਵੇਗਾ ਕੋਈ ਫੇਰਬਦਲ : ਬਘੇਲ
ਚੰਡੀਗੜ੍ਹ, 3 ਜੂਨ (ਪੰਜਾਬ ਮੇਲ)- ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਚ ਫੇਰਬਦਲ ਦੀਆਂ ਅਟਕਲਾਂ ਦਰਮਿਆਨ ਸਾਫ਼ ਕੀਤਾ ਹੈ ਕਿ ਸੂਬਾਈ ਲੀਡਰਸ਼ਿਪ ‘ਚ ਕੋਈ ਤਬਦੀਲੀ ਨਹੀਂ ਹੋਵੇਗੀ। ਪੰਜਾਬ ਕਾਂਗਰਸ ਦੇ ਸੰਗਠਨ ‘ਤੇ ਚਰਚਾ ਲਈ ਹਾਈ ਕਮਾਨ ਨੇ ਦਿੱਲੀ ‘ਚ ਦੂਜੇ ਗੇੜ ਦੀ ਬੈਠਕ ਕੀਤੀ, ਜਿਸ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੀਨੀਅਰ ਆਗੂ ਰਾਹੁਲ ਗਾਂਧੀ, ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਵੀ ਹਾਜ਼ਰ ਸਨ।
ਬਘੇਲ ਨੇ ਮੀਟਿੰਗ ਮਗਰੋਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ‘ਚ ਕੋਈ ਤਬਦੀਲੀ ਨਹੀਂ ਹੋਵੇਗੀ ਅਤੇ ਇਸ ਬਾਰੇ ਪਹਿਲਾਂ ਪਾਰਟੀ ਜਨਰਲ ਸਕੱਤਰ ਵੇਣੂਗੋਪਾਲ ਵੀ ਸਪੱਸ਼ਟ ਕਰ ਚੁੱਕੇ ਹਨ। ਲੀਡਰਸ਼ਿਪ ‘ਚ ਫੇਰਬਦਲ ਅਫ਼ਵਾਹਾਂ ਤੋਂ ਵੱਧ ਕੁਝ ਨਹੀਂ ਅਤੇ ਮੀਟਿੰਗ ‘ਚ ਇਸ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਅਗਾਮੀ ਪੰਜਾਬ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਹਾਈ ਕਮਾਨ ਨੇ ਚੋਣ ਤਿਆਰੀ ਬਾਰੇ ਗੰਭੀਰ ਮੰਥਨ ਕੀਤਾ ਹੈ। ਪੰਜਾਬ ‘ਚ ਇਸ ਵੇਲੇ ਭ੍ਰਿਸ਼ਟਾਚਾਰ ਪ੍ਰਮੁੱਖ ਮੁੱਦਾ ਹੈ ਅਤੇ ਮੌਜੂਦਾ ਸਰਕਾਰ ਇਸ ‘ਚ ਪੂਰੀ ਤਰ੍ਹਾਂ ਘਿਰੀ ਹੋਈ ਹੈ। ਪੰਜਾਬ ਚੋਣਾਂ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ‘ਚ ਲੜੀਆਂ ਜਾਣਗੀਆਂ। ਬਘੇਲ ਦੇ ਇਸ ਬਿਆਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫ਼ਿਲਹਾਲ ਰਾਹਤ ਮਿਲੀ ਹੈ।
ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਹਾਈ ਕਮਾਨ ਪੰਜਾਬ ਚੋਣਾਂ ਦੇ ਮੱਦੇਨਜ਼ਰ ਨਵੇਂ ਫ਼ਾਰਮੂਲੇ ‘ਤੇ ਕੰਮ ਕਰ ਰਹੀ ਹੈ। ਮੁੱਖ ਤੌਰ ‘ਤੇ ਸਿੱਖ ਤੇ ਹਿੰਦੂ ਪ੍ਰਤੀਨਿਧਤਾ ‘ਚ ਤਵਾਜ਼ਨ ਬਿਠਾਏ ਜਾਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੋਵੇਂ ਜੱਟ ਸਿੱਖ ਹਨ। ਨਵੇਂ ਫ਼ਾਰਮੂਲੇ ‘ਚ ਮੌਜੂਦਾ ਢਾਂਚੇ ‘ਚ ਇੱਕ ਅਹੁਦਾ ਹਿੰਦੂ ਭਾਈਚਾਰੇ ਦੇ ਆਗੂ ਨੂੰ ਦੇਣ ਬਾਰੇ ਵਿਚਾਰ ਹੋ ਰਿਹਾ ਹੈ। ਪਾਰਟੀ ਪ੍ਰਧਾਨਗੀ ਦਾ ਅਹੁਦਾ ਗ਼ੈਰ ਜੱਟ ਸਿੱਖ ਨੂੰ ਸੌਂਪ ਕੇ ਕਿਸਾਨੀ ਵੋਟ ਬੈਂਕ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਕਾਂਗਰਸ ਹਾਈ ਕਮਾਨ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰ ਚੁੱਕੀ ਹੈ। ਇਨ੍ਹਾਂ ਮੀਟਿੰਗਾਂ ਦਰਮਿਆਨ ਹੀ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈ ਕਮਾਨ ਦੀ ਪ੍ਰਸੰਸਾ ਕੀਤੀ ਹੈ। ਪੰਜਾਬ ‘ਚ ਕਾਂਗਰਸ ਦੀ ਹੇਠਲੀ ਲੀਡਰਸ਼ਿਪ ਅਤੇ ਵਰਕਰਾਂ ਦੀਆਂ ਨਜ਼ਰਾਂ ਹਾਈ ਕਮਾਨ ‘ਤੇ ਲੱਗੀਆਂ ਹਨ। ਸਥਾਨਕ ਚੋਣਾਂ ‘ਚ ਕਾਂਗਰਸ ਦੂਸਰੇ ਨੰਬਰ ‘ਤੇ ਰਹੀ, ਪਰ ਇਨ੍ਹਾਂ ਚੋਣ ਨਤੀਜਿਆਂ ਮਗਰੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਸਿੱਧੀ ਉਂਗਲ ਉੱਠਣ ਲੱਗੀ ਹੈ। ਗਿੱਦੜਬਾਹਾ ਹਲਕੇ ‘ਚ ਕਾਂਗਰਸ ਨੂੰ ਮਿਲੀ ਹਾਰ ਨੇ ਵੜਿੰਗ ਲਈ ਰਾਹ ਔਖੇ ਕਰ ਦਿੱਤੇ ਹਨ।