#PUNJAB

ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਦਬਦਬਾ ਕਾਇਮ

– ਕਾਂਗਰਸ ਨੇ ਕਈ ਸ਼ਹਿਰਾਂ ਵਿਚ ਮਜ਼ਬੂਤ ਵਾਪਸੀ ਦੇ ਸੰਕੇਤ ਦਿੱਤੇ
ਚੰਡੀਗੜ੍ਹ, 29 ਮਈ (ਪੰਜਾਬ ਮੇਲ)- ਪੰਜਾਬ ਦੀਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਦੀ ਤਸਵੀਰ ਕਾਫ਼ੀ ਹੱਦ ਤੱਕ ਸਪੱਸ਼ਟ ਕਰ ਦਿੱਤੀ ਹੈ। ਸੂਬੇ ਭਰ ਵਿਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਦਿਆਂ ਸ਼ਹਿਰੀ ਖੇਤਰਾਂ ਵਿਚ ਆਪਣਾ ਦਬਦਬਾ ਕਾਇਮ ਰੱਖਿਆ ਹੈ, ਜਦਕਿ ਕਾਂਗਰਸ ਨੇ ਕਈ ਸ਼ਹਿਰਾਂ ਵਿੱਚ ਮਜ਼ਬੂਤ ਵਾਪਸੀ ਦੇ ਸੰਕੇਤ ਦਿੱਤੇ ਹਨ।
ਸੂਬੇ ਭਰ ਤੋਂ ਪ੍ਰਾਪਤ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ 660 ਤੋਂ ਵੱਧ ਵਾਰਡਾਂ ‘ਚ ਜਿੱਤ ਦਰਜ ਕਰਕੇ ਸਭ ਤੋਂ ਅੱਗੇ ਰਹੀ, ਜਦਕਿ ਕਾਂਗਰਸ 200 ਤੋਂ ਵੱਧ ਸੀਟਾਂ ਨਾਲ ਦੂਜੇ ਸਥਾਨ ‘ਤੇ ਰਹੀ। ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਕਈ ਖੇਤਰਾਂ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ।
ਮੋਹਾਲੀ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਚੋਣ ਨਤੀਜਿਆਂ ਨੇ ਸਾਬਤ ਕੀਤਾ ਕਿ ਟ੍ਰਾਈਸਿਟੀ ਖੇਤਰ ਵਿਚ ਪਾਰਟੀ ਦਾ ਆਧਾਰ ਮਜ਼ਬੂਤ ਬਣਿਆ ਹੋਇਆ ਹੈ।
ਜਲੰਧਰ ਦੇ 99 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਨੇ 49 ਸੀਟਾਂ ਜਿੱਤੀਆਂ। ਕਾਂਗਰਸ ਨੂੰ 21, ਆਜ਼ਾਦ ਉਮੀਦਵਾਰਾਂ ਨੂੰ 22, ਭਾਜਪਾ ਨੂੰ 3 ਅਤੇ ਅਕਾਲੀ ਦਲ ਤੇ ਬਸਪਾ ਨੂੰ 2-2 ਸੀਟਾਂ ਮਿਲੀਆਂ। ਜਲੰਧਰ ਵਿਚ ‘ਆਪ’ ਦੀ ਇਹ ਜਿੱਤ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਬਰਨਾਲਾ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਨੇ 50 ਵਿਚੋਂ 36 ਵਾਰਡ ਜਿੱਤ ਕੇ ਵੱਡਾ ਰਾਜਨੀਤਿਕ ਸੰਦੇਸ਼ ਦਿੱਤਾ। ਭਾਜਪਾ ਨੂੰ 7, ਆਜ਼ਾਦਾਂ ਨੂੰ 5 ਅਤੇ ਕਾਂਗਰਸ ਨੂੰ ਕੇਵਲ 2 ਸੀਟਾਂ ਮਿਲੀਆਂ।
ਕਪੂਰਥਲਾ ਵਿਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 31 ਸੀਟਾਂ ਜਿੱਤ ਲਈਆਂ। ‘ਆਪ’ ਨੂੰ 11, ਭਾਜਪਾ ਅਤੇ ਅਕਾਲੀ ਦਲ ਨੂੰ 3-3 ਅਤੇ ਆਜ਼ਾਦਾਂ ਨੂੰ 2 ਸੀਟਾਂ ਮਿਲੀਆਂ। ਇਹ ਨਤੀਜਾ ਕਾਂਗਰਸ ਲਈ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ।
ਪਠਾਨਕੋਟ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣੀ। ਕਾਂਗਰਸ ਨੇ 10 ਸੀਟਾਂ ਜਿੱਤੀਆਂ, ਭਾਜਪਾ 9 ਨਾਲ ਦੂਜੇ ਅਤੇ ਆਮ ਆਦਮੀ ਪਾਰਟੀ 5 ਸੀਟਾਂ ਨਾਲ ਤੀਜੇ ਸਥਾਨ ‘ਤੇ ਰਹੀ।
ਅਬੋਹਰ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਨੇ 15 ਸੀਟਾਂ ਜਿੱਤੀਆਂ, ਜਦਕਿ ਭਾਜਪਾ 14 ਸੀਟਾਂ ਨਾਲ ਬਹੁਤ ਨੇੜੇ ਰਹੀ। ਇਸ ਖੇਤਰ ਵਿਚ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ।
ਖੰਨਾ, ਦੋਰਾਹਾ, ਪਾਇਲ, ਸਮਰਾਲਾ, ਜਗਰਾਉਂ ਅਤੇ ਰਾਏਕੋਟ ਸਮੇਤ 6 ਨਗਰ ਕੌਂਸਲਾਂ ਵਿਚ ਆਮ ਆਦਮੀ ਪਾਰਟੀ ਨੇ 36 ਸੀਟਾਂ ਜਿੱਤੀਆਂ। ਕਾਂਗਰਸ ਨੂੰ 24, ਅਕਾਲੀ ਦਲ ਨੂੰ 6 ਅਤੇ ਭਾਜਪਾ ਨੂੰ 3 ਸੀਟਾਂ ਮਿਲੀਆਂ।
ਧੂਰੀ, ਸੁਨਾਮ, ਭਵਾਨੀਗੜ੍ਹ ਅਤੇ ਲੌਂਗੋਵਾਲ ਵਿਚ ਆਮ ਆਦਮੀ ਪਾਰਟੀ ਨੇ 74 ਵਿਚੋਂ 55 ਸੀਟਾਂ ਜਿੱਤ ਕੇ ਆਪਣੀ ਮਜ਼ਬੂਤੀ ਸਾਬਤ ਕੀਤੀ। ਧੂਰੀ ਵਿਚ ‘ਆਪ’ ਨੇ 21 ਵਿਚੋਂ 19 ਸੀਟਾਂ ਜਿੱਤੀਆਂ।
ਜੈਤੋ ਨਗਰ ਕੌਂਸਲ ਦੀਆਂ 17 ਸੀਟਾਂ ਵਿਚੋਂ ‘ਆਪ’ ਨੇ 12, ਅਕਾਲੀ ਦਲ ਨੇ 3 ਅਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ।
ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨਗਰ ਕੌਂਸਲ ਵਿਚ ‘ਆਪ’ ਨੇ 15 ਵਿਚੋਂ 9 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ।
ਬਠਿੰਡਾ, ਮੋਗਾ ਅਤੇ ਬਟਾਲਾ ਨਗਰ ਨਿਗਮਾਂ ਵਿਚ ਵੀ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਬੜਤ ਬਣਾਈ ਰੱਖੀ ਅਤੇ ਕਈ ਵਾਰਡਾਂ ਵਿਚ ਜਿੱਤ ਦਰਜ ਕੀਤੀ।
ਸਿਆਸੀ ਮਾਹਿਰਾਂ ਅਨੁਸਾਰ ਇਹ ਚੋਣਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸਾਬਤ ਹੋਈਆਂ ਹਨ। ਨਤੀਜਿਆਂ ਤੋਂ ਸਪੱਸ਼ਟ ਹੈ ਕਿ ਸ਼ਹਿਰੀ ਪੰਜਾਬ ਵਿਚ ਆਮ ਆਦਮੀ ਪਾਰਟੀ ਅਜੇ ਵੀ ਮਜ਼ਬੂਤ ਸਥਿਤੀ ਵਿਚ ਹੈ, ਪਰ ਕਾਂਗਰਸ ਨੇ ਵੀ ਕਈ ਖੇਤਰਾਂ ਵਿਚ ਆਪਣਾ ਆਧਾਰ ਬਰਕਰਾਰ ਰੱਖਿਆ ਹੈ। ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਨੂੰ ਕਈ ਥਾਵਾਂ ‘ਤੇ ਉਮੀਦ ਤੋਂ ਘੱਟ ਸਫਲਤਾ ਮਿਲੀ ਹੈ।
ਨਤੀਜਿਆਂ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ਵਿਚ ਜੇਤੂ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਵੱਲੋਂ ਜਸ਼ਨ ਮਨਾਏ ਗਏ, ਜਦਕਿ ਸਿਆਸੀ ਪਾਰਟੀਆਂ ਨੇ 2027 ਦੀਆਂ ਚੋਣਾਂ ਲਈ ਆਪਣੀਆਂ ਰਣਨੀਤੀਆਂ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।