ਸੈਕਰਾਮੈਂਟੋ, 29 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨੋਰਫੋਕ, ਵਰਜੀਨੀਆ ਵਿਚ ਭਾਰਤੀ ਮੂਲ ਦੀ 47 ਸਾਲਾ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਕਾਰਨ ਸਥਾਨਕ ਭਾਰਤੀ ਭਾਈਚਾਰਾ ਡੂੰਘੇ ਸਦਮੇ ਵਿਚ ਹੈ। ਪਟੇਲ ਅਜ਼ਾਲੀਆ ਗਾਰਡਨ ਰੋਡ ‘ਤੇ ਫੈਟ ਫਿਲੀ ਸਟੋਰ ‘ਚ ਕੰਮ ਕਰਦੀ ਸੀ। ਇਹ ਘਟਨਾ ਸਵੇਰੇ 8.38 ਵਜੇ ਵਾਪਰੀ। ਉਸ ਸਮੇਂ ਸਟੋਰ ਤਕਰੀਬਨ ਖਾਲੀ ਸੀ। ਇਕ ਨਕਾਬਪੋਸ਼ ਵਿਅਕਤੀ ਕਾਊਂਟਰ ਨੇੜੇ ਆਇਆ ਤੇ ਥੋੜ੍ਹੀ ਜਿਹੀ ਗੱਲਬਾਤ ਤੋਂ ਬਾਅਦ ਉਸ ਨੇ ਪਟੇਲ ਦੇ ਗੋਲੀਆਂ ਮਾਰ ਦਿੱਤੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਨੋਰਫੋਕ ਪੁਲਿਸ ਮੁੱਖੀ ਮਾਰਕ ਟੈਲਬੋਟ ਅਨੁਸਾਰ ਸ਼ੱਕੀ ਦੀ ਪਛਾਣ ਮਾਰਵੇਲ ਆਰ ਬਾਂਡ ਵਜੋਂ ਹੋਈ ਹੈ, ਜਿਸ ਨੇ ਘਟਨਾ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਪੁਲਿਸ ਅਨੁਸਾਰ ਸਟੋਰ ਵਿਚ ਆਉਣ ਤੋਂ ਪਹਿਲਾਂ ਸ਼ੱਕੀ ਨੇ ਬਲੈਕਵੁੱਟ ਐਵੇਨਿਊ ਸਥਿਤ ਰਿਹਾਇਸ਼ ਵਿਖੇ ਝਗੜੇ ਉਪਰੰਤ ਆਪਣੇ ਸੌਤੇਲੇ ਪਿਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ।
ਭਾਰਤੀ ਮੂਲ ਦੀ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ

