#AMERICA

ਯੂ.ਐੱਸ.ਸੀ.ਆਈ.ਐੱਸ. ਵੱਲੋਂ ਈ.ਓ.ਆਈ.ਆਰ.-29 ਅਪੀਲ ਫਾਰਮ ਲਈ ਨਵੇਂ ਫਾਈਲਿੰਗ ਨਿਯਮ ਲਾਗੂ

ਵਾਸ਼ਿੰਗਟਨ ਡੀ.ਸੀ., 28 ਮਈ (ਪੰਜਾਬ ਮੇਲ)- ਅਮਰੀਕੀ ਇਮੀਗ੍ਰੇਸ਼ਨ ਏਜੰਸੀ ਯੂ.ਐੱਸ.ਸੀ.ਆਈ.ਐੱਸ. ਨੇ ਫਾਰਮ ਈ.ਓ.ਆਈ.ਆਰ.-29 ਨੂੰ ਲੈ ਕੇ ਵੱਡਾ ਅਪਡੇਟ ਜਾਰੀ ਕੀਤਾ ਹੈ। 26 ਮਈ 2026 ਤੋਂ ਈ.ਓ.ਆਈ.ਆਰ.-29 ਫਾਰਮ ਫਾਇਲ ਕਰਨ ਲਈ ਨਵੀਆਂ ਫਾਈਲਿੰਗ ਲੋਕੇਸ਼ਨਜ਼ ਲਾਗੂ ਹੋ ਗਈਆਂ ਹਨ। ਹੁਣ ਬਿਨੈਕਾਰ ਨੂੰ ਆਪਣਾ ਈ.ਓ.ਆਈ.ਆਰ.-29 ਫਾਰਮ ਯੂ.ਐੱਸ.ਸੀ.ਆਈ.ਐੱਸ. ਦੇ ਫੀਨਿਕਸ ਜਾਂ ਡੈਲਸ ਲਾਕਬਾਕਸ ‘ਚ ਭੇਜਣਾ ਪਵੇਗਾ।
ਯੂ.ਐੱਸ.ਸੀ.ਆਈ.ਐੱਸ. ਮੁਤਾਬਕ ਫਾਈਲਿੰਗ ਲੋਕੇਸ਼ਨਜ਼ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਤੁਹਾਡੇ ਫਾਰਮ ਆਈ-130 ਜਾਂ ਫਾਰਮ ਆਈ-360 Widow(er) ਇਨਕਾਰ ਜਾਂ ਰੱਦ ਕਰਨ ਦਾ ਪੱਤਰ ਕਿਸ ਯੂ.ਐੱਸ.ਸੀ.ਆਈ.ਐੱਸ. ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਸੀ।
ਇਹ ਫਾਰਮ ਉਨ੍ਹਾਂ ਲੋਕਾਂ ਲਈ ਵਰਤੀ ਜਾਂਦੀ ਹੈ, ਜੋ ਯੂ.ਐੱਸ.ਸੀ.ਆਈ.ਐੱਸ. ਦੇ ਕਿਸੇ ਨਕਾਰਾਤਮਕ ਫੈਸਲੇ ਖ਼ਿਲਾਫ ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼ (ਬੀ.ਆਈ.ਏ.) ਕੋਲ ਅਪੀਲ ਕਰਨਾ ਚਾਹੁੰਦੇ ਹਨ। ਈ.ਓ.ਆਈ.ਆਰ.-29 ਮੁੱਖ ਤੌਰ ‘ਤੇ ਫਾਰਮ ਆਈ-130 ਅਤੇ ਫਾਰਮ ਆਈ-360 Widow(er) ਪਟੀਸ਼ਨਜ਼ ਨਾਲ ਸੰਬੰਧਿਤ ਕੇਸਾਂ ਲਈ ਵਰਤੀ ਜਾਂਦੀ ਹੈ।
ਯੂ.ਐੱਸ.ਸੀ.ਆਈ.ਐੱਸ. ਨੇ ਇਹ ਵੀ ਕਿਹਾ ਹੈ ਕਿ ਜੇ ਕੋਈ ਵਕੀਲ ਜਾਂ ਮਾਨਤਾ ਪ੍ਰਾਪਤ ਪ੍ਰਤੀਨਿਧੀ ਪਟੀਸ਼ਨਰ ਦੀ ਵਕਾਲਤ ਕਰ ਰਿਹਾ ਹੈ, ਤਾਂ ਉਸਨੂੰ ਫਾਰਮ ਈ.ਓ.ਆਈ.ਆਰ.-27 ਵੀ ਵੱਖਰੇ ਤੌਰ ‘ਤੇ ਫਾਇਲ ਕਰਨੀ ਲਾਜ਼ਮੀ ਹੋਵੇਗੀ।
ਏਜੰਸੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਈ.ਓ.ਆਈ.ਆਰ.-29 ਫਾਰਮ ਡਿਪਾਰਟਮੈਂਟ ਆਫ ਸਟੇਟ ਦੇ ਵੀਜ਼ਾ ਇਨਕਾਰ ਅਪੀਲਾਂ ਲਈ ਨਹੀਂ ਵਰਤੀ ਜਾ ਸਕਦੀ। ਡੀ.ਐੱਸ.-157, ਡੀ.ਐੱਸ.-230 ਜਾਂ ਡੀ.ਐੱਸ.-260 ਵਰਗੀਆਂ ਵੀਜ਼ਾ ਅਰਜ਼ੀਆਂ ਦੀ ਇਨਕਾਰ ਲਈ ਡਿਪਾਰਟਮੈਂਟ ਆਫ ਸਟੇਟ ਦੀ ਆਪਣੀ ਪ੍ਰਕਿਰਿਆ ਹੈ।
ਇਮੀਗ੍ਰੇਸ਼ਨ ਮਾਹਿਰਾਂ ਮੁਤਾਬਕ ਇਹ ਬਦਲਾਅ ਬਹੁਤ ਮਹੱਤਵਪੂਰਨ ਹਨ ਕਿਉਂਕਿ ਗਲਤ ਲਾਕਬਾਕਸ ‘ਤੇ ਫਾਰਮ ਭੇਜਣ ਨਾਲ ਅਪੀਲ ਰੱਦ ਹੋ ਸਕਦੀ ਹੈ ਜਾਂ ਪ੍ਰੋਸੈਸਿੰਗ ਵਿਚ ਲੰਬੀ ਦੇਰੀ ਆ ਸਕਦੀ ਹੈ।