#AMERICA

ਕੈਲੀਫੋਰਨੀਆ ਪ੍ਰਾਇਮਰੀ ਚੋਣਾਂ ‘ਚ ਸ਼ੁਰੂਆਤੀ ਵੋਟਿੰਗ ਹੌਲੀ; ਰਿਪਬਲਿਕਨ ਵੋਟਰਾਂ ‘ਚ ਵੱਧ ਉਤਸ਼ਾਹ

ਸੈਕਰਾਮੈਂਟੋ, 27 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੀ 2 ਜੂਨ ਨੂੰ ਹੋਣ ਵਾਲੀ ਪ੍ਰਾਇਮਰੀ ਚੋਣ ਤੋਂ ਇੱਕ ਹਫ਼ਤਾ ਪਹਿਲਾਂ ਵੀ ਵੋਟਰ ਵੱਲੋਂ ਵੋਟਿੰਗ ਕਾਫ਼ੀ ਹੌਲੀ ਚੱਲ ਰਹੀ ਹੈ। ਨਵੇਂ ਅੰਕੜਿਆਂ ਮੁਤਾਬਕ ਹੁਣ ਤੱਕ ਸਿਰਫ਼ ਕਰੀਬ 7 ਫੀਸਦੀ ਬੈਲਟ ਹੀ ਵਾਪਸ ਆਈਆਂ ਹਨ, ਜੋ ਲਗਭਗ 2 ਮਿਲੀਅਨ ਵੋਟਾਂ ਬਣਦੀਆਂ ਹਨ। ਰਾਜ ਭਰ ਵਿਚ 23 ਮਿਲੀਅਨ ਤੋਂ ਵੱਧ ਡਾਕ ਰਾਹੀਂ ਵੋਟ ਬੈਲਟ ਭੇਜੀਆਂ ਗਈਆਂ ਸਨ।
ਚੋਣ ਮਾਹਿਰ ਪਾਲ ਮਿਸ਼ੇਲ ਮੁਤਾਬਕ ਇਸ ਵਾਰ ਰਿਪਬਲਿਕਨ ਵੋਟਰਾਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੀ ਵੋਟਿੰਗ 2022 ਦੀ ਗਵਰਨਰ ਪ੍ਰਾਇਮਰੀ ਨਾਲੋਂ ਦੋਗੁਣੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸਟੀਵ ਹਿਲਟਨ ਅਤੇ ਚਾਡ ਬਿਆਨਕੋ ਵਰਗੇ ਉਮੀਦਵਾਰਾਂ ਨੇ ਰਿਪਬਲਿਕਨ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਹੈ।
ਮਿੰਡੀ ਰੋਮੇਰੋ ਨੇ ਕਿਹਾ ਕਿ ਰਿਪਬਲਿਕਨ ਵੋਟਰਾਂ ਨੂੰ ਹੁਣ ਲੱਗ ਰਿਹਾ ਹੈ ਕਿ ਉਹ ਰਾਜ ਪੱਧਰੀ ਦੌੜ ਵਿਚ ਮੁਕਾਬਲੇ ਵਿਚ ਹਨ, ਜਿਸ ਨਾਲ ਉਹ ਵੱਧ ਗਿਣਤੀ ਵਿਚ ਵੋਟ ਪਾ ਰਹੇ ਹਨ।
ਦੂਜੇ ਪਾਸੇ ਡੈਮੋਕ੍ਰੈਟਿਕ ਵੋਟਰ ਹਾਲੇ ਵੀ ਆਪਣੇ ਬੈਲਟ ਰੋਕ ਕੇ ਬੈਠੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਗਵਰਨਰ ਰੇਸ ਵਿਚ ਕਈ ਡੈਮੋਕ੍ਰੈਟਿਕ ਉਮੀਦਵਾਰ ਹੋਣ ਕਾਰਨ ਲੋਕ ਹਾਲੇ ਫੈਸਲਾ ਕਰਨ ਵਿਚ ਸਮਾਂ ਲੈ ਰਹੇ ਹਨ।
ਮਿਸ਼ੇਲ ਨੇ ਕਿਹਾ ਕਿ ਬਹੁਤ ਸਾਰੇ ਡੈਮੋਕ੍ਰੈਟਿਕ ਵੋਟਰ ”ਰਣਨੀਤਕ ਵੋਟਿੰਗ” ਬਾਰੇ ਸੋਚ ਰਹੇ ਹਨ, ਯਾਨੀ ਉਹ ਆਪਣੇ ਮਨਪਸੰਦ ਉਮੀਦਵਾਰ ਦੀ ਥਾਂ ਉਸ ਉਮੀਦਵਾਰ ਨੂੰ ਵੋਟ ਦੇ ਸਕਦੇ ਹਨ, ਜਿਸਦੀ ਜਿੱਤ ਦੀ ਸੰਭਾਵਨਾ ਵੱਧ ਹੋਵੇ। ਇਹ ਕੈਲੀਫੋਰਨੀਆ ਦੇ ”ਟਾਪ-ਟੂ ਪ੍ਰਾਇਮਰੀ ਸਿਸਟਮ” ਕਾਰਨ ਹੋ ਰਿਹਾ ਹੈ, ਜਿਸ ਵਿਚ ਪਾਰਟੀ ਤੋਂ ਬਿਨਾਂ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਦੋ ਉਮੀਦਵਾਰ ਜਨਰਲ ਚੋਣ ਵਿਚ ਜਾਂਦੇ ਹਨ।
ਰਸਟੀ ਹਿਕਸ ਨੇ ਕਿਹਾ ਕਿ ਡੈਮੋਕ੍ਰੈਟਿਕ ਵੋਟਰ ਹੌਲੀ-ਹੌਲੀ ਆਪਣੇ ਚੁਣੇ ਹੋਏ ਉਮੀਦਵਾਰਾਂ ਵੱਲ ਇਕੱਠੇ ਹੋ ਰਹੇ ਹਨ ਅਤੇ ਪਾਰਟੀ ਨੂੰ ਭਰੋਸਾ ਹੈ ਕਿ ਵੋਟਿੰਗ ਵਧੇਗੀ।
ਇਸੇ ਦੌਰਾਨ ਸਭ ਤੋਂ ਨਵੀਂ ਪੋਲਿੰਗ ਮੁਤਾਬਕ ਰਿਪਬਲਿਕਨ ਉਮੀਦਵਾਰ ਸਟੀਵ ਹਿਲਟਨ ਗਵਰਨਰ ਰੇਸ ਵਿਚ ਅੱਗੇ ਦਿਖਾਈ ਦੇ ਰਹੇ ਹਨ, ਜਦਕਿ ਡੈਮੋਕ੍ਰੈਟਿਕ ਉਮੀਦਵਾਰ ਜ਼ੈਵੀਅਰ ਬਸੇਰਾ ਅਤੇ ਟੌਮ ਸਟੀਅਰ ਉਸਦੇ ਪਿੱਛੇ ਹਨ।