ਤਹਿਰਾਨ, 26 ਮਈ (ਪੰਜਾਬ ਮੇਲ)- ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਲਗਭਗ 90 ਦਿਨਾਂ ਤੋਂ ਚੱਲ ਰਹੇ ਇੰਟਰਨੈੱਟ ਬਲੈਕਆਉਟ ਤੋਂ ਬਾਅਦ ਅੰਤਰਰਾਸ਼ਟਰੀ ਇੰਟਰਨੈੱਟ ਐਕਸੈੱਸ ਮੁੜ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਇਰਾਨੀ ਸਟੇਟ ਮੀਡੀਆ ਵੱਲੋਂ ਦਿੱਤੀ ਗਈ ਹੈ।
ਰਿਪੋਰਟਾਂ ਮੁਤਾਬਕ, ਇਰਾਨ ਵਿਚ ਜਨਵਰੀ 2026 ਤੋਂ ਇੰਟਰਨੈੱਟ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ। ਪਹਿਲਾਂ ਇਹ ਰੋਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਲਾਈ ਗਈ ਸੀ ਅਤੇ ਫਿਰ ਅਮਰੀਕਾ ਤੇ ਇਜ਼ਰਾਈਲ ਨਾਲ ਜੰਗੀ ਤਣਾਅ ਅਤੇ ਹਮਲਿਆਂ ਤੋਂ ਬਾਅਦ ਇਸ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ।
ਨੈੱਟਬਲੋਕਸ ਦੇ ਅਨੁਸਾਰ, ਇਰਾਨ ਦੇ ਲੱਖਾਂ ਲੋਕ ਲਗਭਗ 87 ਦਿਨ ਤੱਕ ਗਲੋਬਲ ਇੰਟਰਨੈੱਟ ਸੇਵਾਵਾਂ ਤੋਂ ਕੱਟੇ ਰਹੇ। ਇਸ ਦੌਰਾਨ ਲੋਕਾਂ ਨੂੰ ਸੋਸ਼ਲ ਮੀਡੀਆ, ਵਿਦੇਸ਼ੀ ਵੈੱਬਸਾਈਟਾਂ ਅਤੇ ਕਈ ਅੰਤਰਰਾਸ਼ਟਰੀ ਐਪਲੀਕੇਸ਼ਨਾਂ ਤੱਕ ਪਹੁੰਚ ਨਹੀਂ ਮਿਲ ਰਹੀ ਸੀ।
ਹਾਲਾਂਕਿ ਹੁਣ ਇੰਟਰਨੈੱਟ ਮੁੜ ਖੋਲ੍ਹਣ ਦਾ ਐਲਾਨ ਹੋ ਗਿਆ ਹੈ, ਪਰ ਇਹ ਹਾਲੇ ਸਪੱਸ਼ਟ ਨਹੀਂ ਕਿ ਪੂਰੀ ਸੇਵਾ ਕਦੋਂ ਅਤੇ ਕਿੰਨੀ ਹੱਦ ਤੱਕ ਬਹਾਲ ਹੋਵੇਗੀ। ਰਿਪੋਰਟਾਂ ਦੱਸਦੀਆਂ ਹਨ ਕਿ ਇਰਾਨ ਵਿਚ ਆਮ ਹਾਲਾਤਾਂ ਦੌਰਾਨ ਵੀ ਕਈ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸੈਂਸਰਸ਼ਿਪ ਰਹਿੰਦੀ ਹੈ ਅਤੇ ਸਰਕਾਰ ਆਪਣੇ ਨੈਸ਼ਨਲ ਇੰਟਰਨੈੱਟ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਇੰਟਰਨੈੱਟ ਬੰਦ ਰਹਿਣ ਕਾਰਨ ਦੇਸ਼ ਦੀ ਅਰਥਵਿਵਸਥਾ, ਆਨਲਾਈਨ ਕਾਰੋਬਾਰ, ਸਿੱਖਿਆ ਅਤੇ ਆਮ ਸੰਚਾਰ ਪ੍ਰਣਾਲੀ ‘ਤੇ ਵੱਡਾ ਅਸਰ ਪਿਆ। ਇਸ ਨਾਲ ਲੋਕਾਂ ਵਿਚ ਨਾਰਾਜ਼ਗੀ ਵੀ ਵਧੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਰਾਨ ਸਰਕਾਰ ‘ਤੇ ਦਬਾਅ ਬਣਿਆ ਰਿਹਾ।
ਇਰਾਨ ਨੇ 90 ਦਿਨਾਂ ਬਾਅਦ ਮੁੜ ਖੋਲ੍ਹਿਆ ਅੰਤਰਰਾਸ਼ਟਰੀ ਇੰਟਰਨੈੱਟ

