#OTHERS

ਬੰਗਲਾਦੇਸ਼ ਵਿਚਲੇ ਭਾਰਤੀ ਸਫਾਰਤਖਾਨੇ ‘ਚੋਂ ਭਾਰਤੀ ਡਿਪਲੋਮੈਟ ਦੀ ਮਿਲੀ ਲਾਸ਼

ਭਾਰਤੀ ਹਾਈ ਕਮਿਸ਼ਨ ਦੇ ਪਖਾਨੇ ‘ਚੋਂ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸ਼ੁਰੂ ਕੀਤੀ ਜਾਂਚ
ਢਾਕਾ, 20 ਮਈ (ਪੰਜਾਬ ਮੇਲ)-ਬੰਗਲਾਦੇਸ਼ ਦੇ ਚਟੋਗਰਾਮ ‘ਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੀ ਸਫਾਰਤਖਾਨੇ ਦੀ ਇਮਾਰਤ ਅੰਦਰ ਲਾਸ਼ ਮਿਲੀ ਹੈ। ਪੁਲਿਸ ਨੇ ਦੱਸਿਆ ਹੈ ਕਿ ਮਰਨ ਵਾਲੇ ਅਧਿਕਾਰੀ ਦੀ ਪਛਾਣ ਚੰਡੀਗੜ੍ਹ ਦੇ ਮੂਲ ਵਾਸੀ ਨਰੇਨ ਧਰ ਵਜੋਂ ਹੋਈ ਹੈ, ਜੋ ਭਾਰਤੀ ਮਿਸ਼ਨ ਵਿਚ ਸਹਾਇਕ ਪ੍ਰੋਟੋਕੋਲ ਅਧਿਕਾਰੀ (ਅਸਿਸਟੈਂਟ ਪ੍ਰੋਟੋਕੋਲ ਅਫ਼ਸਰ) ਵਜੋਂ ਸੇਵਾਵਾਂ ਨਿਭਾ ਰਹੇ ਸਨ।
ਚਟੋਗਰਾਮ ਦੇ ਪੁਲਿਸ ਕਮਿਸ਼ਨਰ ਅਮੀਨੁਰ ਰਸ਼ੀਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਨਰੇਨ ਧਰ ਸੀ ਅਤੇ ਉਹ ਭਾਰਤੀ ਮਿਸ਼ਨ ਦੇ ਦਫਤਰ ਵਿਚ ਸਹਾਇਕ ਪ੍ਰੋਟੋਕੋਲ ਅਧਿਕਾਰੀ ਸਨ। ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਦੀ ਉਮਰ 38-39 ਸਾਲ ਦੇ ਕਰੀਬ ਸੀ। ਉਨ੍ਹਾਂ ਦੀ ਲਾਸ਼ ਪੁਰਾਣੀ ਵੀਜ਼ਾ ਕੇਂਦਰ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਇੱਕ ਪਖਾਨੇ ਵਿਚੋਂ ਮਿਲੀ ਹੈ।
ਇਸ ਘਟਨਾ ਬਾਰੇ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਜਾਂ ਚਟੋਗਰਾਮ ਸਥਿਤ ਸਹਾਇਕ ਹਾਈ ਕਮਿਸ਼ਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਂ ਟਿੱਪਣੀ ਸਾਹਮਣੇ ਨਹੀਂ ਆਈ ਹੈ।
ਪੁਲਿਸ ਨੇ ਸ਼ੁਰੂਆਤੀ ਤੌਰ ‘ਤੇ ਖਦਸ਼ਾ ਜਤਾਇਆ ਹੈ ਕਿ ਇਸ ਮੌਤ ਦਾ ਕਾਰਨ ਦਿਲ ਦਾ ਦੌਰਾ (ਕਾਰਡੀਅਕ ਅਰੈਸਟ) ਹੋ ਸਕਦਾ ਹੈ। ਸ਼ਹਿਰ ਦੇ ਸਹਾਇਕ ਪੁਲਿਸ ਕਮਿਸ਼ਨਰ ਅਮੀਨੁਰ ਰਸ਼ੀਦ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨਰੇਨ ਧਰ ਮੁੱਖ ਰੂਪ ਵਿਚ ਚੰਡੀਗੜ੍ਹ ਦੇ ਰਹਿਣ ਵਾਲੇ ਸਨ।