-ਨਕਲੀ ਵਕੀਲਾਂ ਤੇ ਫਰਜ਼ੀ ਅਧਿਕਾਰੀਆਂ ਨੇ ਲੁੱਟੇ ਹਜ਼ਾਰਾਂ ਡਾਲਰ
ਵਾਸ਼ਿੰਗਟਨ ਡੀ.ਸੀ., 6 ਮਈ (ਪੰਜਾਬ ਮੇਲ)- ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਤੇਜ਼ ਕੀਤੀ ਗਈ ਡਿਪੋਰਟੇਸ਼ਨ ਕਾਰਵਾਈ ਦੇ ਦਰਮਿਆਨ ਪ੍ਰਵਾਸੀਆਂ ਨਾਲ ਵੱਡੇ ਪੱਧਰ ‘ਤੇ ਠੱਗੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਫਰਜ਼ੀ ਲੋਕ ਆਪਣੇ ਆਪ ਨੂੰ ਇਮੀਗ੍ਰੇਸ਼ਨ ਵਕੀਲ, ICE ਅਧਿਕਾਰੀ ਅਤੇ ਇੱਥੋਂ ਤੱਕ ਕਿ ਫੈਡਰਲ ਜੱਜ ਦੱਸ ਕੇ ਲੋਕਾਂ ਤੋਂ ਹਜ਼ਾਰਾਂ ਡਾਲਰ ਠੱਗ ਰਹੇ ਹਨ।
ਗੁਆਟੇਮਾਲਾ ਨਾਲ ਸੰਬੰਧਤ 20 ਸਾਲਾ ਐਡਿਥ, ਜੋ ਅਮਰੀਕੀ ਨਾਗਰਿਕ ਹੈ, ਨੇ ਆਪਣੀ ਦਰਦਨਾਕ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਡੀਮਾਸ ਨੂੰ ਮਾਰਚ ਮਹੀਨੇ ਵਿਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰਕੇ ਜਾਰਜੀਆ ਦੇ ਡਿਟੇਨਸ਼ਨ ਸੈਂਟਰ ਭੇਜ ਦਿੱਤਾ ਸੀ। ਪਰਿਵਾਰ ਦਾ ਸਾਰਾ ਖਰਚਾ ਚਲਾਉਣ ਵਾਲੇ ਡੀਮਾਸ ਦੀ ਰਿਹਾਈ ਲਈ ਐਡਿਥ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਕਥਿਤ ਇਮੀਗ੍ਰੇਸ਼ਨ ਵਕੀਲ ਨਾਲ ਸੰਪਰਕ ਕੀਤਾ।
ਐਡਿਥ ਮੁਤਾਬਕ ਉਸ ਔਰਤ ਨੇ ਆਪਣੇ ਆਪ ਨੂੰ ਫਲੋਰੀਡਾ ਦੀ ਵਕੀਲ ਦੱਸਦਿਆਂ ਕਿਹਾ ਕਿ ਡੀਮਾਸ ਨੂੰ ਛੁਡਵਾਉਣ ਲਈ ਕਾਨੂੰਨੀ ਕਾਰਵਾਈ ਅਤੇ ਬੌਂਡ ਦੀ ਲੋੜ ਹੈ। ਇਸ ਤੋਂ ਬਾਅਦ ਉਸ ਨੇ ਵੱਖ-ਵੱਖ ਬਹਾਨਿਆਂ ਨਾਲ 500 ਡਾਲਰ, 600 ਡਾਲਰ, 1,750 ਡਾਲਰ ਅਤੇ 4,000 ਡਾਲਰ ਸਮੇਤ ਹਜ਼ਾਰਾਂ ਡਾਲਰ ਮੰਗੇ। ਐਡਿਥ ਨੇ ਆਪਣੀ ਗੱਡੀ ਵੇਚ ਕੇ ਅਤੇ ਜੀਵਨ ਭਰ ਦੀ ਜਮ੍ਹਾਂ ਪੂੰਜੀ ਖਰਚ ਕਰਕੇ ਇਹ ਰਕਮ ਅਦਾ ਕੀਤੀ।
ਉਸ ਨੂੰ ਅਜਿਹੇ ਦਸਤਾਵੇਜ਼ ਵੀ ਭੇਜੇ ਗਏ, ਜੋ ਦੇਖਣ ਵਿਚ ਅਮਰੀਕੀ ਇਮੀਗ੍ਰੇਸ਼ਨ ਵਿਭਾਗ USCIS ਦੇ ਅਸਲੀ ਕਾਗਜ਼ਾਂ ਵਰਗੇ ਲੱਗਦੇ ਸਨ। ਪਰ ਜਦੋਂ ਡੀਮਾਸ ਦੀ ਇਮੀਗ੍ਰੇਸ਼ਨ ਕੋਰਟ ਵਿਚ ਪਹਿਲੀ ਸੁਣਵਾਈ ਹੋਈ, ਤਾਂ ਉਹ ਕਥਿਤ ਵਕੀਲ ਵੀਡੀਓ ਕਾਲ ‘ਤੇ ਹਾਜ਼ਰ ਹੀ ਨਹੀਂ ਹੋਈ। ਬਾਅਦ ਵਿਚ ਜੱਜ ਨੇ ਦੱਸਿਆ ਕਿ ਉਸ ਨਾਮ ਦੀ ਕੋਈ ਵਕੀਲ ਕੋਰਟ ਵਿਚ ਰਜਿਸਟਰ ਹੀ ਨਹੀਂ ਹੈ।
ਇਸ ਤੋਂ ਬਾਅਦ ਐਡਿਥ ਨੂੰ ਅਹਿਸਾਸ ਹੋਇਆ ਕਿ ਉਸ ਨਾਲ 10 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਹੋ ਚੁੱਕੀ ਹੈ। ਸਾਰੀ ਜਮ੍ਹਾਂ ਪੂੰਜੀ ਖਤਮ ਹੋਣ ਕਾਰਨ ਹੁਣ ਉਹ ਆਪਣੇ ਪਤੀ ਲਈ ਅਸਲੀ ਵਕੀਲ ਵੀ ਨਹੀਂ ਕਰ ਸਕੀ ਅਤੇ ਇਮੀਗ੍ਰੇਸ਼ਨ ਜੱਜ ਨੇ ਡੀਮਾਸ ਦੀ ਡਿਪੋਰਟੇਸ਼ਨ ਦੇ ਹੁਕਮ ਜਾਰੀ ਕਰ ਦਿੱਤੇ।
ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਨੀਤੀਆਂ ਅਤੇ ਇਮੀਗ੍ਰੇਸ਼ਨ ਰਾਹਤ ਦੇ ਘਟਦੇ ਮੌਕਿਆਂ ਕਾਰਨ ਲੋਕ ਡਰੇ ਹੋਏ ਹਨ, ਜਿਸਦਾ ਫਾਇਦਾ ਠੱਗ ਚੁੱਕ ਰਹੇ ਹਨ। ਫਲੋਰੀਡਾ ਦੇ ਇਮੀਗ੍ਰੇਸ਼ਨ ਵਕੀਲ ਜੋਰਜੇ ਰਿਵੇਰਾ ਨੇ ਕਿਹਾ ਕਿ ਇਹ ”ਬਿਲੀਅਨ ਡਾਲਰ ਇੰਡਸਟਰੀ” ਬਣ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕਈ ਠੱਗ ਅੱਜਕੱਲ੍ਹ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਫਰਜ਼ੀ ਕੋਰਟ ਸੁਣਵਾਈਆਂ ਤੱਕ ਕਰਵਾ ਰਹੇ ਹਨ, ਜਿੱਥੇ ਨਕਲੀ ਜੱਜਾਂ ਦੇ ਕੱਪੜੇ ਪਾ ਕੇ ਲੋਕਾਂ ਨੂੰ ਧੋਖਾ ਦਿੱਤਾ ਜਾਂਦਾ ਹੈ। ਕਈ ਮਾਮਲਿਆਂ ਵਿਚ ਲੋਕ ਆਪਣੀਆਂ ਅਸਲੀ ਕੋਰਟ ਤਾਰੀਖਾਂ ਮਿਸ ਕਰ ਜਾਂਦੇ ਹਨ ਅਤੇ ਉਨ੍ਹਾਂ ਦੀ ਡਿਪੋਰਟੇਸ਼ਨ ਹੋ ਜਾਂਦੀ ਹੈ।
ਹੋਮਲੈਂਡ ਸਕਿਓਰਿਟੀ ਵਿਭਾਗ ਨੇ ਵੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ICE ਜਾਂ USCIS ਦੇ ਨਾਂ ‘ਤੇ ਕੋਈ ਵੀ ਅਚਾਨਕ ਫੋਨ ਕਰਕੇ ਪੈਸੇ ਨਹੀਂ ਮੰਗਦਾ। ਵਿਭਾਗ ਨੇ ਲੋਕਾਂ ਨੂੰ ਗਿਫ਼ਟ ਕਾਰਡ, ਕ੍ਰਿਪਟੋਕਰੰਸੀ ਜਾਂ ਹੋਰ ਅਜਿਹੇ ਤਰੀਕਿਆਂ ਰਾਹੀਂ ਭੁਗਤਾਨ ਨਾ ਕਰਨ ਦੀ ਸਲਾਹ ਦਿੱਤੀ ਹੈ।
ਐਡਿਥ ਨੇ ਕਿਹਾ ਕਿ ਹੁਣ ਉਸ ਕੋਲ ਕੋਈ ਰਾਹ ਨਹੀਂ ਬਚਿਆ ਅਤੇ ਸੰਭਵ ਹੈ ਕਿ ਉਹ ਆਪਣੇ ਪਤੀ ਨਾਲ ਰਹਿਣ ਲਈ ਗੁਆਟੇਮਾਲਾ ਵਾਪਸ ਚਲੀ ਜਾਵੇ। ਉਸ ਨੇ ਕਿਹਾ ਕਿ ”ਇਹ ਬਹੁਤ ਦਰਦਨਾਕ ਤਜ਼ਰਬਾ ਹੈ ਅਤੇ ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਨਾਲ ਵੀ ਇਹ ਹੋਵੇ।”
ਟਰੰਪ ਪ੍ਰਸ਼ਾਸਨ ਦੀ ਡਿਪੋਰਟੇਸ਼ਨ ਮੁਹਿੰਮ ਦੌਰਾਨ ਪ੍ਰਵਾਸੀਆਂ ਨਾਲ ਵੱਡੇ ਠੱਗੀ ਕਾਂਡ

