-ਮਾਨਵ ਅਧਿਕਾਰਾਂ ਨੂੰ ਲੈ ਕੇ ਚਿੰਤਾ ਵਧੀ
ਵਾਸ਼ਿੰਗਟਨ ਡੀ.ਸੀ., 6 ਮਈ (ਪੰਜਾਬ ਮੇਲ)- ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀ.ਐੱਚ.ਐੱਸ.) ਨੇ ਚੁੱਪਚਾਪ ਉਸ ਇਕੱਲੇ ਦਫ਼ਤਰ ਨੂੰ ਬੰਦ ਕਰ ਦਿੱਤਾ ਹੈ, ਜੋ ਇਮੀਗ੍ਰੇਸ਼ਨ ਡਿਟੇਨਸ਼ਨ ਸੈਂਟਰਾਂ ਵਿਚ ਕਥਿਤ ਤਸ਼ੱਦਦ, ਬਦਸਲੂਕੀ ਅਤੇ ਗਲਤ ਵਰਤਾਰੇ ਦੀ ਜਾਂਚ ਕਰਦਾ ਸੀ। ”ਆਫਿਸ ਆਫ ਇਮੀਗ੍ਰੇਸ਼ਨ ਡਿਟੇਨਸ਼ਨ ਓਮਬਡਜ਼ਮੈਨ” (ਓ.ਆਈ.ਡੀ.ਓ.) ਨਾਮਕ ਇਹ ਦਫ਼ਤਰ ਹਿਰਾਸਤ ਵਿਚ ਰੱਖੇ ਗਏ ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਜਾਂਚ ਕਰਨ ਲਈ ਬਣਾਇਆ ਗਿਆ ਸੀ।
ਇਸ ਦਫ਼ਤਰ ਦੇ ਬੰਦ ਹੋਣ ਦੀ ਖ਼ਬਰ ਉਸ ਵੇਲੇ ਸਾਹਮਣੇ ਆਈ ਹੈ, ਜਦੋਂ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਦੀ ਸਮਰੱਥਾ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਪਿਛਲੇ ਸਾਲ 935 ਹਿਰਾਸਤ ਵਿਚ 30 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ, ਜੋ ਕਿ 2004 ਤੋਂ ਬਾਅਦ ਸਭ ਤੋਂ ਵੱਧ ਗਿਣਤੀ ਮੰਨੀ ਜਾ ਰਹੀ ਹੈ।
ਇੱਕ ਅੰਦਰੂਨੀ ਈਮੇਲ ਮੁਤਾਬਕ ਦਫ਼ਤਰ ਬੰਦ ਹੋਣ ਨਾਲ ਇਸ ਨਾਲ ਸੰਬੰਧਿਤ ਸਾਰੇ ਜਨਤਕ ਸਾਈਨ ਬੋਰਡ ਹਟਾਏ ਜਾਣਗੇ ਅਤੇ ਜਾਂਚਾਂ ਰੋਕ ਦਿੱਤੀਆਂ ਜਾਣਗੀਆਂ। ਦਫ਼ਤਰ ਦੀ ਉਹ ਵੈੱਬਸਾਈਟ ਵੀ ਬੰਦ ਕਰ ਦਿੱਤੀ ਗਈ ਹੈ, ਜਿਸ ਰਾਹੀਂ ਕੈਦੀਆਂ ਦੇ ਪਰਿਵਾਰ ਅਤੇ ਵਕੀਲ ਸ਼ਿਕਾਇਤਾਂ ਦਰਜ ਕਰਵਾਉਂਦੇ ਸਨ।
ਡੀ.ਐੱਚ.ਐੱਸ. ਦੇ ਬੁਲਾਰੇ ਨੇ ਕਿਹਾ ਕਿ ਕਾਂਗਰਸ ਵੱਲੋਂ ਫੰਡਿੰਗ ਨਾ ਮਿਲਣ ਕਾਰਨ ਇਹ ਦਫ਼ਤਰ ਬੰਦ ਕੀਤਾ ਗਿਆ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕਾਨੂੰਨੀ ਤੌਰ ‘ਤੇ ਕਾਂਗਰਸ ਨੇ ਹੀ ਇਹ ਦਫ਼ਤਰ ਬਣਾਇਆ ਸੀ ਅਤੇ ਇਸ ਨੂੰ ਖਤਮ ਕਰਨ ਦਾ ਅਧਿਕਾਰ ਵੀ ਕੇਵਲ ਕਾਂਗਰਸ ਕੋਲ ਹੀ ਹੈ।
ਇਸ ਵੇਲੇ ਅਮਰੀਕਾ ਵਿਚ ਲਗਭਗ 60 ਹਜ਼ਾਰ ਲੋਕ ਇਮੀਗ੍ਰੇਸ਼ਨ ਡਿਟੇਨਸ਼ਨ ਸੈਂਟਰਾਂ ਵਿਚ ਬੰਦ ਹਨ, ਜੋ ਟਰੰਪ ਪ੍ਰਸ਼ਾਸਨ ਦੌਰਾਨ ਸਭ ਤੋਂ ਵੱਡੀ ਗਿਣਤੀ ਮੰਨੀ ਜਾ ਰਹੀ ਹੈ। ਸਿਰਫ਼ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਹੀ 18 ਮੌਤਾਂ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ।
ਮਾਨਵ ਅਧਿਕਾਰ ਸੰਸਥਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਸੈਂਟਰਾਂ ਵਿਚ ਪਹਿਲਾਂ ਹੀ ਘੱਟ ਖੁਰਾਕ, ਮੈਡੀਕਲ ਸਹੂਲਤਾਂ ਦੀ ਕਮੀ ਅਤੇ ਮਾੜੇ ਹਾਲਾਤਾਂ ਨੂੰ ਲੈ ਕੇ ਕਈ ਸ਼ਿਕਾਇਤਾਂ ਆ ਰਹੀਆਂ ਸਨ। ਹੁਣ ਨਿਗਰਾਨੀ ਕਰਨ ਵਾਲਾ ਦਫ਼ਤਰ ਹੀ ਬੰਦ ਹੋ ਜਾਣ ਕਾਰਨ ਕੈਦੀਆਂ ਲਈ ਆਪਣੀ ਆਵਾਜ਼ ਉਠਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
ਮਾਹਿਰ ਐਡਮ ਆਇਜ਼ੈਕਸਨ ਨੇ ਕਿਹਾ ਕਿ ਇਹ ਕਦਮ ਜਾਣਬੁੱਝ ਕੇ ਨਿਗਰਾਨੀ ਘਟਾਉਣ ਲਈ ਚੁੱਕਿਆ ਗਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹਿਰਾਸਤ ਪ੍ਰਣਾਲੀ ਨੂੰ ਹੋਰ ਕਠੋਰ ਬਣਾਉਣਾ ਚਾਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ।
ਇਸ ਮਾਮਲੇ ਨੇ ਇੱਕ ਵਾਰ ਫਿਰ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਅਤੇ ਡਿਟੇਨਸ਼ਨ ਸੈਂਟਰਾਂ ਵਿਚ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਵੱਡੀ ਚਰਚਾ ਛੇੜ ਦਿੱਤੀ ਹੈ।
ਅਮਰੀਕਾ ‘ਚ ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਦੀ ਨਿਗਰਾਨੀ ਕਰਨ ਵਾਲਾ ਇਕਲੌਤਾ ਦਫ਼ਤਰ ਬੰਦ!

