ਓਹਾਇਓ, 6 ਮਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਅਤੇ ਸਿਨਨਿਸਾਟੀ ਵਿਖੇ ਸਿੱਖ ਨੌਜਵਾਨਾਂ ਨੇ ‘ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ’ (ਸਿਆਨਾ) ਸੰਸਥਾ ਦੀ ਅਗਵਾਈ ਹੇਠ ਕਰਵਾਏ ਜਾਂਦੇ ਸਾਲਾਨਾ ਸਿੱਖ ਯੂਥ ਸਿੰਪੋਜ਼ੀਅਮ 2026 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲਿਆਂ ਵਿਚ ਭਰਵੀਂ ਸ਼ਮੂਲੀਅਤ ਕੀਤੀ। ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਨੁਸਾਰ ਇਹ ਸਾਲਾਨਾ ਪ੍ਰੋਗਰਾਮ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ 6 ਤੋਂ 22 ਸਾਲ ਦੀ ਉਮਰ ਦੇ ਸਿੱਖ ਬੱਚਿਆਂ ਅਤੇ ਨੌਜਵਾਨਾਂ ਵਿਚ ਗੁਰਮਤਿ ਨੂੰ ਸਮਝਣ, ਵਿਚਾਰ ਕਰਨ ਅਤੇ ਭਾਸ਼ਣ ਦੀ ਕਲਾ ਨੂੰ ਉਭਾਰਨ ਦੇ ਉਦੇਸ਼ ਨਾਲ ਕਰਵਾਏ ਜਾਂਦੇ ਹਨ।
ਭਾਗ ਲੈਣ ਵਾਲੇ ਬੱਚਿਆਂ ਨੂੰ ”ਉਮਰ ਅਨੁਸਾਰ ਪੰਜ ਵਰਗਾਂ ਵਿਚ ਵੰਡਿਆ ਜਾਂਦਾ ਹੈ ਅਤੇ ਹਰੇਕ ਗਰੁੱਪ ਨੂੰ ਕੁਝ ਮਹੀਨੇ ਪਹਿਲਾਂ ਇੱਕ ਕਿਤਾਬ ਅਤੇ ਤਿੰਨ ਸਵਾਲ ਦਿੱਤੇ ਜਾਂਦੇ ਹਨ। ਭਾਗੀਦਾਰ ਗੁਰਮਤਿ ਸਿਧਾਂਤਾਂ ਅਤੇ ਸਿੱਖ ਇਤਿਹਾਸ ਦੇ ਆਧਾਰ ‘ਤੇ ਇਨ੍ਹਾਂ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਦੇ ਭਾਸ਼ਣ ਰਾਹੀਂ ਪੇਸ਼ ਕਰਦੇ ਹਨ। ਸਾਲ 2026 ਦੇ ਸਿੰਪੋਜ਼ੀਅਮ ਲਈ ਨਿਰਧਾਰਿਤ ਪਾਠਕ੍ਰਮ ਵਿਚ ਗਰੁੱਪ 1 ਲਈ ”ਮਾਈ ਗੁਰੂਜ਼ ਬਲੈਸਿੰਗਜ਼ – ਬੁੱਕ 6”, ਗਰੁੱਪ 2 ਲਈ ”ਦੀ ਵਾਰੀਅਰ ਪ੍ਰਿੰਸੈਸ – ਪਾਰਟ 2”, ਗਰੁੱਪ 3 ਲਈ ”ਟੀਚਿੰਗ ਸਿੱਖ ਹੈਰੀਟੇਜ ਟੂ ਦੀ ਯੂਥ” ਅਤੇ ਗਰੁੱਪ 4 ਲਈ ”ਦੀ ਮੈਸੇਜ ਆਫ ਗੁਰਬਾਣੀ” ਪੁਸਤਕਾਂ ਦਿੱਤੀਆਂ ਗਈਆਂ।
ਹਰ ਸਾਲ ਵਾਂਗ ਪ੍ਰੋਗਰਾਮ ਦੀ ਆਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਕੀਤੀ ਗਈ। ਪ੍ਰਤੀਯੋਗੀਆਂ ਨੇ ਬਹੁਤ ਹੀ ਆਤਮ-ਵਿਸ਼ਵਾਸ ਅਤੇ ਸਪੱਸ਼ਟਤਾ ਨਾਲ ਆਪਣੇ ਭਾਸ਼ਣ ਪੇਸ਼ ਕੀਤੇ। ਸੇਵਾਦਾਰ ਅਸੀਸ ਕੌਰ ਨੇ ਦੱਸਿਆ ਕਿ ਸਿੰਪੋਜ਼ੀਅਮ ਦੀ ਤਿਆਰੀ ਲਈ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ, ਜਿੱਥੇ ਬੱਚਿਆਂ ਨੂੰ ਭਾਸ਼ਣ ਕਲਾ ਅਤੇ ਕਿਤਾਬਾਂ ਵਿਚ ਦਰਜ ਗੁਰਮਤਿ ਦੇ ਸੰਕਲਪਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਦਾ ਹੈ। ਸਮਾਗਮ ਦੇ ਅੰਤ ਵਿਚ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਪੁਰਸਕਾਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹੁਣ ਡੇਟਨ, ਸਿਨਸਿਨਾਟੀ, ਕੋਲੰਬਸ, ਕਲੀਵਲੈਂਡ ਅਤੇ ਪਿਟਸਬਰਗ ਦੇ ਸਥਾਨਕ ਪੱਧਰ ਦੇ ਜੇਤੂ ਅਗਲੇ ਪੜਾਅ ਵਿਚ ਹਿੱਸਾ ਲੈਣਗੇ। ਓਹਾਇਓ ਅਤੇ ਪੈਨਸਿਲਵੇਨੀਆ ਸੂਬਿਆਂ ਦਾ ਰੀਜਨਲ (ਖੇਤਰੀ) ਪੱਧਰੀ ਸਿੰਪੋਜ਼ੀਅਮ 16 ਮਈ 2026 ਨੂੰ ਸਿੱਖ ਸੁਸਾਇਟੀ ਆਫ ਡੇਟਨ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾਵੇਗਾ, ਜਿੱਥੇ ਵੱਖ-ਵੱਖ ਸ਼ਹਿਰਾਂ ਤੋਂ ਆਏ ਭਾਗੀਦਾਰ ਸਿੱਖੀ, ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ।
ਡੇਟਨ ਅਤੇ ਸਿਨਸਿਨਾਟੀ ਵਿਖੇ ਸਾਲਾਨਾ ”ਸਿੱਖ ਯੂਥ ਸਿੰਪੋਜ਼ੀਅਮ 2026” ਦਾ ਆਯੋਜਨ

