ਵਾਸ਼ਿੰਗਟਨ, 2 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਵਿਚ ਚੀਨ ਦੇ ਰਾਜਦੂਤ ਫੂ ਕੌਂਗ ਨੇ ਚਿਤਾਵਨੀ ਦਿੱਤੀ ਹੈ ਕਿ ‘ਸਟ੍ਰੇਟ ਆਫ ਹੋਰਮੁਜ਼’ ਵਿਚ ਜਾਰੀ ਨਾਕਾਬੰਦੀ ਦੁਨੀਆਂ ਭਰ ਦੀ ਆਰਥਿਕਤਾ ਲਈ ਭਿਆਨਕ ਸਾਬਿਤ ਹੋ ਰਹੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਰਾਨ ਵਿਚ ਜੰਗਬੰਦੀ ਕਰਵਾਉਣਾ ਅਤੇ ਇਸ ਅਹਿਮ ਸਮੁੰਦਰੀ ਰਸਤੇ ਨੂੰ ਖੋਲ੍ਹਣਾ ਇਸ ਸਮੇਂ ਦੁਨੀਆਂ ਦਾ ਸਭ ਤੋਂ ਜ਼ਰੂਰੀ ਮੁੱਦਾ ਹੋਣਾ ਚਾਹੀਦਾ ਹੈ।
ਚੀਨੀ ਦੂਤ ਨੇ ਕਿਹਾ ਕਿ ਜੇਕਰ ਹੋਰਮੁਜ਼ ਨੂੰ ਜਲਦੀ ਨਾ ਖੋਲ੍ਹਿਆ ਗਿਆ, ਤਾਂ ਦੁਨੀਆਂ ਭਰ ਵਿਚ ਤੇਲ, ਗੈਸ ਅਤੇ ਖਾਦਾਂ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਜਿਸ ਨਾਲ ਕਰੋੜਾਂ ਲੋਕ ਗਰੀਬੀ ਅਤੇ ਭੁੱਖਮਰੀ ਦੀ ਲਪੇਟ ਵਿਚ ਆ ਸਕਦੇ ਹਨ। ਫੂ ਕੌਂਗ ਨੇ ਦੱਸਿਆ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਲਗਾਤਾਰ ਸਾਰੀਆਂ ਧਿਰਾਂ ਨਾਲ ਸੰਪਰਕ ਵਿਚ ਹਨ। ਚੀਨ ਇਸ ਸੰਕਟ ਨੂੰ ਸੁਲਝਾਉਣ ਲਈ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਵਿਚੋਲਗੀ ਦੀਆਂ ਕੋਸ਼ਿਸ਼ਾਂ ਦਾ ਵੀ ਸਮਰਥਨ ਕਰ ਰਿਹਾ ਹੈ। ਇਸ ਦੌਰਾਨ ਚੀਨ ਨੇ ਅਮਰੀਕਾ ਤੇ ਇਰਾਨ ਨੂੰ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਅਤੇ ਦੁਨੀਆਂ ਭਰ ‘ਚ ਸ਼ਾਂਤੀ ਲਈ ਹੋਰਮੁਜ਼ ਤੋਂ ਆਪਣੀ ਨਾਕਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਚੀਨ ਨੇ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਕੀਤੀ ਗਈ ਨਾਕਾਬੰਦੀ ਨੂੰ ਖ਼ਤਰਨਾਕ ਦੱਸਿਆ ਸੀ। ਚੀਨ ਦਾ ਮੰਨਣਾ ਹੈ ਕਿ ਸਿਰਫ਼ ਮੁਕੰਮਲ ਜੰਗਬੰਦੀ ਹੀ ਇਸ ਤਣਾਅਪੂਰਨ ਸਥਿਤੀ ਨੂੰ ਸੁਧਾਰ ਸਕਦੀ ਹੈ। ‘ਸਟਰੇਟ ਆਫ ਹੋਰਮੁਜ਼’ ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ (ਚੈੱਕਪੁਆਇੰਟ) ਹੈ।
ਜ਼ਿਕਰਯੋਗ ਹੈ ਕਿ ਦੁਨੀਆਂ ਦਾ ਲਗਭਗ 20 ਫੀਸਦੀ ਤੇਲ ਇਸੇ ਰਸਤੇ ਰਾਹੀਂ ਸਪਲਾਈ ਹੁੰਦਾ ਹੈ। ਫਰਵਰੀ 2026 ਤੋਂ ਬਾਅਦ ਇਸ ਰਸਤੇ ‘ਤੇ ਹੋਈਆਂ ਹਿੰਸਕ ਘਟਨਾਵਾਂ ਕਾਰਨ ਸਮੁੰਦਰੀ ਆਵਾਜਾਈ ਵਿਚ 90 ਫੀਸਦੀ ਦੀ ਗਿਰਾਵਟ ਆਈ ਹੈ। ਯੂ.ਐੱਨ. ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਕਿਹਾ ਹੈ ਕਿ ਜੇਕਰ ਇਹ ਨਾਕਾਬੰਦੀ ਜਾਰੀ ਰਹੀ, ਤਾਂ ਵਿਸ਼ਵ ਵਿਕਾਸ ਦਰ 3.4 ਫ਼ੀਸਦੀ ਤੋਂ ਡਿੱਗ ਕੇ 2 ਫ਼ੀਸਦੀ ਰਹਿ ਸਕਦੀ ਹੈ ਅਤੇ ਮਹਿੰਗਾਈ 6 ਫ਼ੀਸਦੀ ਤੋਂ ਉੱਪਰ ਜਾ ਸਕਦੀ ਹੈ।
ਅਮਰੀਕਾ-ਇਰਾਨ ਤਣਾਅ; ਚੀਨ ਵੱਲੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਜੰਗਬੰਦੀ ਕਰਵਾਉਣ ਦੀ ਅਪੀਲ

