ਟੈਕਸਾਸ, 2 ਮਈ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਔਸਟੀਨ ਤੋਂ ਲਗਭਗ 40 ਮੀਲ (ਕਰੀਬ 65 ਕਿਲੋਮੀਟਰ) ਦੱਖਣ-ਪੱਛਮ ‘ਚ ਸਥਿਤ ਵਿੰਬਰਲੀ ਸ਼ਹਿਰ ਵਿਚ ਵਾਪਰਿਆ।
ਹੇਜ਼ ਕਾਉਂਟੀ ਦੇ ਜੱਜ ਰੂਬੇਨ ਬੇਸੇਰਾ ਨੇ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ ‘ਸੇਸਨਾ 421ਸੀ’ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਅਨੁਸਾਰ, ਜਹਾਜ਼ ਰਾਤ ਲਗਭਗ 11.25 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਉਡਾਣ ਦੇ ਵੇਰਵਿਆਂ ਅਨੁਸਾਰ, ਇਹ ਜਹਾਜ਼ ਟੈਕਸਾਸ ਦੇ ਅਮਰੀਲੋ ਤੋਂ ਉਡਾਣ ਭਰ ਕੇ ਨਿਊ ਬ੍ਰੌਨਫੇਲਜ਼ ਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ ਦੀ ਰਫ਼ਤਾਰ ਕਾਫੀ ਤੇਜ਼ ਸੀ।
ਏਅਰ ਟ੍ਰੈਫਿਕ ਕੰਟਰੋਲ ਦੀ ਆਡੀਓ ਰਿਕਾਰਡਿੰਗ ਤੋਂ ਪਤਾ ਲੱਗਾ ਹੈ ਕਿ ਇੱਕ ਹੋਰ ਪਾਇਲਟ, ਜੋ ਉਸੇ ਰੂਟ ‘ਤੇ ਸੀ, ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀ। ਜਦੋਂ ਸੇਸਨਾ ਜਹਾਜ਼ ਦਾ ਸੰਪਰਕ ਨੈੱਟਵਰਕ ਤੋਂ ਟੁੱਟ ਗਿਆ, ਤਾਂ ਕੰਟਰੋਲਰਾਂ ਨੇ ਦੂਜੇ ਪਾਇਲਟ ਨਾਲ ਸੰਪਰਕ ਕੀਤਾ, ਤਾਂ ਜੋ ਉਸ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਉਹ ਦੂਜਾ ਜਹਾਜ਼ ਨਿਊ ਬ੍ਰੌਨਫੇਲਜ਼ ਅੱਡੇ ‘ਤੇ ਸੁਰੱਖਿਅਤ ਉਤਰ ਗਿਆ।
ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਹਾਦਸੇ ਦੇ ਸਮੇਂ ਇਲਾਕੇ ਵਿਚ ਬੱਦਲ ਛਾਏ ਹੋਏ ਸਨ, ਪਰ ਤੇਜ਼ ਹਨ੍ਹੇਰੀ-ਤੂਫ਼ਾਨ ਹਾਦਸੇ ਤੋਂ ਕਰੀਬ ਦੋ ਘੰਟੇ ਬਾਅਦ ਆਇਆ ਸੀ। ਫਿਲਹਾਲ ਮ੍ਰਿਤਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਜਾਰੀ ਹੈ। ਐੱਫ.ਏ.ਏ. ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐੱਨ.ਟੀ.ਐੱਸ.ਬੀ.) ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਟੈਕਸਾਸ ‘ਚ ਜਹਾਜ਼ ਹਾਦਸੇ ‘ਚ 5 ਲੋਕਾਂ ਦੀ ਮੌਤ

