#AMERICA

ਡੈਮੋਕਰੈਟਸ ਵੱਲੋਂ ਰਾਸ਼ਟਰਪਤੀ ਖਿਲਾਫ 25ਵੀਂ ਸੋਧ ਦੀ ਵਰਤੋਂ ਕਰਨ ਲਈ ਬਿੱਲ ਪੇਸ਼

ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡੈਮੋਕਰੈਟਸ ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ 25ਵੀਂ ਸੋਧ ਦੀ ਵਰਤੋਂ ਲਈ ਇੱਕ ਬਿੱਲ ਪੇਸ਼ ਕੀਤਾ ਹੈ, ਜਿਸ ਤਹਿਤ ਇਕ ਕਮਿਸ਼ਨ ਬਣਾਉਣ ਦੀ ਵਿਵਸਥਾ ਹੈ, ਜੋ ਕਮਿਸ਼ਨ ਇਹ ਤੈਅ ਕਰੇਗਾ ਕਿ ਟਰੰਪ ਦਫਤਰ ਚਲਾਉਣ ਦੇ ਸਮਰੱਥ ਹੈ ਜਾਂ ਨਹੀਂ। ਹਾਊਸ ਜੁਡੀਸ਼ਰੀ ਕਮੇਟੀ ਦੇ ਸੀਨੀਅਰ ਮੈਂਬਰ ਜੈਮੀ ਰਸਕਿਨ ਜਿਨ੍ਹਾਂ ਦਾ 50 ਹੋਰ ਡੈਮੋਕਰੈਟਸ ਮੈਂਬਰਾਂ ਨੇ ਸਮਰਥਨ ਕੀਤਾ, ਵੱਲੋਂ ਪੇਸ਼ ਬਿੱਲ ਤਹਿਤ 17 ਮੈਂਬਰੀ ਪੈਨਲ ਬਣਾਉਣ ਦੀ ਤਜਵੀਜ਼ ਹੈ, ਜਿਸ ਨੂੰ 25ਵੀਂ ਸੋਧ ਦੇ ਸੈਕਸ਼ਨ 4 ਤਹਿਤ ਰਾਸ਼ਟਰਪਤੀ ਦੀ ਯੋਗਤਾ ਬਾਰੇ ਜਾਂਚ ਕਰਨ ਦਾ ਅਧਿਕਾਰ ਹੋਵੇਗਾ। ਹਾਲਾਂਕਿ ਰਿਪਬਲੀਕਨਾਂ ਦੇ ਨਿਯੰਤਰਣ ਵਾਲੀ ਕਾਂਗਰਸ ਵਿਚ ਇਸ ਤਜਵੀਜ਼ ਦਾ ਵਿਰੋਧ ਹੋਣਾ ਤੈਅ ਹੈ। ਰਸਕਿਨ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ‘ਅਸੀਂ ਇਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਕਾਂਗਰਸ ਲਈ ਇਹ ਸਮਾਂ ਹੈ ਕਿ ਉਹ 25ਵੀਂ ਸੋਧ ਤਹਿਤ ਅਮਰੀਕੀ ਆਵਾਮ ਨੂੰ ਵਿਸਫੋਟਕ ਤੇ ਅਸਥਿਰ ਹਾਲਾਤ ਤੋਂ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਵੇ।”