#AMERICA

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਨਿਯਮਾਂ ‘ਚ ਵੱਡੇ ਬਦਲਾਅ; 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ

ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਨੇ ਐੱਚ-1ਬੀ ਅਤੇ ਹੋਰ ਕੰਮਕਾਜੀ ਵੀਜ਼ਿਆਂ ਲਈ ਵਰਤੇ ਜਾਣ ਵਾਲੇ ਫਾਰਮ ਆਈ-129 ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਫਾਰਮ ਆਈ-129 ਨਾਲ ਸਬੰਧਤ ਨਿਯਮਾਂ ਵਿਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਹ ਨਵੇਂ ਨਿਯਮ 1 ਅਪ੍ਰੈਲ, 2026 ਤੋਂ ਲਾਗੂ ਹੋਣਗੇ। ਇਸ ਬਦਲਾਅ ਤੋਂ ਬਾਅਦ ਪੁਰਾਣੇ ਫਾਰਮ (01/20/25 ਐਡੀਸ਼ਨ) ਦੀ ਵਰਤੋਂ ਕਰਕੇ ਜਮ੍ਹਾਂ ਕੀਤੀ ਗਈ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਫਾਰਮ ਆਈ-129 ਦੀ ਵਰਤੋਂ ਅਮਰੀਕੀ ਕੰਪਨੀਆਂ ਦੁਆਰਾ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਲਈ ਕੀਤੀ ਜਾਂਦੀ ਹੈ। ਇਹ ਫਾਰਮ ਉਨ੍ਹਾਂ ਲੋਕਾਂ ਦੁਆਰਾ ਭਰਿਆ ਜਾਂਦਾ ਹੈ, ਜੋ ਕੰਮ ਕਰਨ ਜਾਂ ਸਿਖਲਾਈ ਲੈਣ ਲਈ ਅਸਥਾਈ ਤੌਰ ‘ਤੇ ਅਮਰੀਕਾ ਆਉਂਦੇ ਹਨ। ਇਹ ਵੱਖ-ਵੱਖ ਗੈਰ-ਪ੍ਰਵਾਸੀ ਵੀਜ਼ਿਆਂ ਨੂੰ ਕਵਰ ਕਰਦਾ ਹੈ, ਜਿਵੇਂ ਕਿ ਐੱਚ-1ਬੀ, ਐੱਚ-2ਏ, ਐੱਚ-1ਬੀ, ਐੱਚ-3, ਐੱਲ-1, ਓ-1, ਓ-2, ਪੀ-1, ਪੀ-1ਐੱਸ, ਪੀ-2, ਪੀ-2ਐੱਸ, ਪੀ-3, ਪੀ-3ਐੱਸ, ਕਿਊ-1, ਅਤੇ ਆਰ-1।
ਫਾਰਮ ਆਈ-129 ਦੇ ਨਵੇਂ ਸੰਸਕਰਣ ਵਿਚ ਵਿੱਤੀ ਸਾਲ 2027 ਐੱਚ-1ਬੀ ਕੈਪ ਸੀਜ਼ਨ ਲਈ ਕਈ ਮਹੱਤਵਪੂਰਨ ਬਦਲਾਅ ਸ਼ਾਮਲ ਹਨ। ਇਹ ਹੁਣ ਇੱਕ ਨਵੀਂ ਤਨਖਾਹ-ਆਧਾਰਿਤ ਲਾਟਰੀ ਪ੍ਰਣਾਲੀ ਦੇ ਅਧੀਨ ਕੰਮ ਕਰੇਗਾ। ਨਵੇਂ ਫਾਰਮ ਵਿਚ ਮਾਲਕਾਂ ਨੂੰ ਨੌਕਰੀ ਲਈ ਲੋੜੀਂਦੀ ਘੱਟੋ-ਘੱਟ ਸਿੱਖਿਆ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਦੇਣੀ ਹੋਵੇਗੀ। ਇਸ ਦੇ ਨਾਲ ਹੀ ਅਧਿਐਨ ਦਾ ਸਹੀ ਵਿਸ਼ਾ, ਲੋੜੀਂਦਾ ਘੱਟੋ-ਘੱਟ ਤਜ਼ਰਬਾ ਅਤੇ ਇਹ ਵੀ ਦੱਸਣਾ ਹੋਵੇਗਾ, ਕੀ ਉਸ ਅਹੁਦੇ ਵਿਚ ਸੁਪਰਵਾਈਜ਼ਰ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ। ਇਹ ਉਹੀ ਜਾਣਕਾਰੀਆਂ ਹਨ, ਜੋ ਅਮਰੀਕੀ ਕਿਰਤ ਵਿਭਾਗ ਦੁਆਰਾ ਤਨਖਾਹ ਪੱਧਰ (ਪੱਧਰ 1 ਤੋਂ ਪੱਧਰ 4) ਨਿਰਧਾਰਿਤ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਸੋਧਿਆ ਹੋਇਆ ਫਾਰਮ ਆਈ-129 ਹੁਣ ਦੋ ਤਨਖਾਹ ਪੱਧਰਾਂ ਨੂੰ ਦਰਸਾਏਗਾ:
1. ਲੇਬਰ ਕੰਡੀਸ਼ਨਜ਼ ਐਪਲੀਕੇਸ਼ਨ (ਐੱਲ.ਸੀ.ਏ.) ‘ਤੇ ਨਿਰਧਾਰਤ ਤਨਖਾਹ ਪੱਧਰ।
2. ਐੱਚ-1ਬੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਚੁਣਿਆ ਗਿਆ ਤਨਖਾਹ ਪੱਧਰ।
ਯੂ.ਐੱਸ.ਸੀ.ਆਈ.ਐੱਸ. ਹੁਣ ਇਹ ਜਾਣਕਾਰੀ ਸਿੱਧੇ ਤੌਰ ‘ਤੇ ਇਕੱਠੀ ਕਰ ਰਿਹਾ ਹੈ, ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਸਹੀ ਤਨਖਾਹ ਪੱਧਰ ਚੁਣਿਆ ਗਿਆ ਹੈ।
ਯੂ.ਐੱਸ.ਸੀ.ਆਈ.ਐੱਸ. ਨੇ 27 ਫਰਵਰੀ, 2026 ਨੂੰ ਫਾਰਮ ਆਈ-129 (02/27/26) ਦਾ ਇੱਕ ਨਵਾਂ ਐਡੀਸ਼ਨ ਜਾਰੀ ਕੀਤਾ। 1 ਅਪ੍ਰੈਲ, 2026 ਤੋਂ ਸਿਰਫ਼ ਇਸ ਨਵੇਂ ਐਡੀਸ਼ਨ ਨੂੰ ਸਵੀਕਾਰ ਕੀਤਾ ਜਾਵੇਗਾ। ਉਦੋਂ ਤੱਕ, ਪੁਰਾਣਾ ਫਾਰਮ (01/20/25 ਐਡੀਸ਼ਨ) ਵਰਤਿਆ ਜਾ ਸਕਦਾ ਹੈ। ਐਡੀਸ਼ਨ ਦੀ ਮਿਤੀ ਫਾਰਮ ਅਤੇ ਨਿਰਦੇਸ਼ ਪੰਨੇ ਦੇ ਹੇਠਾਂ ਸੂਚੀਬੱਧ ਹੈ।
ਯੂ.ਐੱਸ.ਸੀ.ਆਈ.ਐੱਸ. ਨੇ ਸਪੱਸ਼ਟ ਕੀਤਾ ਹੈ ਕਿ 31 ਮਾਰਚ, 2026 ਤੱਕ ਪ੍ਰਾਪਤ ਹੋਏ ਪੁਰਾਣੇ ਫਾਰਮ (01/20/25 ਐਡੀਸ਼ਨ) ਸਵੀਕਾਰ ਕੀਤੇ ਜਾਣਗੇ। 1 ਅਪ੍ਰੈਲ, 2026 ਨੂੰ ਜਾਂ ਇਸ ਤੋਂ ਬਾਅਦ ਪ੍ਰਾਪਤ ਹੋਏ ਪੁਰਾਣੇ ਫਾਰਮ ਤੁਰੰਤ ਰੱਦ ਕਰ ਦਿੱਤੇ ਜਾਣਗੇ।
ਕੰਪਨੀਆਂ ਨੂੰ ਹੁਣ ਆਪਣੇ ਕਰਮਚਾਰੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਰੱਦ ਹੋਣ ਤੋਂ ਬਚਾਉਣ ਲਈ ਨਵੇਂ ਨਿਯਮਾਂ ਅਨੁਸਾਰ ਅਰਜ਼ੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ।
ਭਾਰਤੀ ਪੇਸ਼ੇਵਰ, ਖਾਸ ਕਰਕੇ ਤਕਨਾਲੋਜੀ ਖੇਤਰ ਵਿੱਚ, ਰਵਾਇਤੀ ਤੌਰ ‘ਤੇ ਐੱਚ-1ਬੀ ਵੀਜ਼ਾ ਰੂਟ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਅਰਜ਼ੀਆਂ ਜੂਨੀਅਰ ਤੋਂ ਮੱਧ-ਪੱਧਰ ਦੀਆਂ ਭੂਮਿਕਾਵਾਂ ਲਈ ਹਨ, ਜਿਨ੍ਹਾਂ ਨੂੰ ਅਕਸਰ ਘੱਟ ਤਨਖਾਹ ਦੇ ਪੱਧਰਾਂ ‘ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਨਵੀਂ ਪ੍ਰਣਾਲੀ ਦੇ ਤਹਿਤ, ਇਨ੍ਹਾਂ ਭੂਮਿਕਾਵਾਂ ਨੂੰ ਘੱਟ ਚੋਣ ਦੇ ਮੌਕੇ ਮਿਲ ਸਕਦੇ ਹਨ, ਕਿਉਂਕਿ ਉੱਚ-ਤਨਖਾਹ ਸ਼੍ਰੇਣੀਆਂ ਨੂੰ ਤਰਜੀਹ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਸੀਨੀਅਰ ਜਾਂ ਵਿਸ਼ੇਸ਼ ਭੂਮਿਕਾਵਾਂ ਵਿਚ ਤਜ਼ਰਬੇਕਾਰ ਪੇਸ਼ੇਵਰਾਂ ਨੂੰ ਬਿਹਤਰ ਸੰਭਾਵਨਾਵਾਂ ਦਿਖਾਈ ਦੇ ਸਕਦੀਆਂ ਹਨ, ਕਿਉਂਕਿ ਲਾਟਰੀ ਵਿਚ ਜ਼ਿਆਦਾ ਤਨਖਾਹ ਪੱਧਰਾਂ ਨੂੰ ਵਧੇਰੇ ਮਹੱਤਵ ਮਿਲਣ ਦੀ ਸੰਭਾਵਨਾ ਹੈ।