ਮੈਕਸੀਕੋ, 25 ਮਾਰਚ (ਪੰਜਾਬ ਮੇਲ)- ਮੈਕਸੀਕੋ ਦੇ ਪੂਰਬੀ ਰਾਜ ਵੇਰਾਕਰੂਜ਼ ਵਿਚ ਅਧਿਕਾਰੀਆਂ ਨੇ ਚੋਰੀ ਕੀਤੇ ਗਏ ਇੱਕ ਟਰੱਕ ਦੇ ਪਿਛਲੇ ਹਿੱਸੇ ਵਿਚ ਬੇਹੱਦ ਖ਼ਤਰਨਾਕ ਹਾਲਤ ਵਿਚ ਬੰਦ 229 ਪ੍ਰਵਾਸੀਆਂ ਨੂੰ ਬਰਾਮਦ ਕੀਤਾ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਪੁਲਿਸ ਦੇ ਟਰੱਕ ਨੂੰ ਵਾਹਨ ਜ਼ਬਤ ਕੇਂਦਰ ‘ਚ ਰੱਖਿਆ ਤਾਂ ਉਸ ਵਿਚ ਬੰਦ ਪ੍ਰਵਾਸੀਆਂ ਨੇ ਅਚਾਨਕ ਮਦਦ ਲਈ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਸੂਬੇ ਦੇ ਡਿਪਟੀ ਗਵਰਨਮੈਂਟ ਸੈਕਟਰੀ ਜੋਸ ਮੈਨੂਅਲ ਪੋਜ਼ੋਸ ਅਨੁਸਾਰ ਇਹ ਪ੍ਰਵਾਸੀ ਇੱਕ ਅਜਿਹੇ ਟਰੱਕ ਵਿਚ ਸਵਾਰ ਸਨ, ਜਿਸ ਦੇ ਚੋਰੀ ਹੋਣ ਦੀ ਰਿਪੋਰਟ ਦਰਜ ਸੀ। ਜਦੋਂ ਟਰੱਕ ਨੂੰ ਜ਼ਬਤ ਕਰਕੇ ਕੇਂਦਰ ਵਿਚ ਖੜ੍ਹਾ ਕੀਤਾ ਗਿਆ, ਤਾਂ ਕੁਝ ਘੰਟਿਆਂ ਬਾਅਦ ਉੱਥੇ ਮੌਜੂਦ ਮੁਲਾਜ਼ਮਾਂ ਨੂੰ ਅੰਦਰੋਂ ਖੜਕਾਉਣ ਅਤੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਐਮਰਜੈਂਸੀ ਸੇਵਾਵਾਂ ਨੇ ਟਰੱਕ ਖੋਲ੍ਹਿਆ, ਤਾਂ ਅੰਦਰੋਂ 17 ਨਾਬਾਲਗ ਬੱਚਿਆਂ ਸਮੇਤ 229 ਲੋਕ ਮਿਲੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਮੱਧ ਅਮਰੀਕਾ ਦੇ ਰਹਿਣ ਵਾਲੇ ਸਨ। ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਕਾਰਨ ਕਈ ਪ੍ਰਵਾਸੀਆਂ ਦੀ ਹਾਲਤ ਖਰਾਬ ਪਾਈ ਗਈ ਹੈ। ਰਿਪੋਰਟਾਂ ਅਨੁਸਾਰ ਵੇਰਾਕਰੂਜ਼ ਇੱਕ ਅਜਿਹਾ ਇਲਾਕਾ ਹੈ, ਜਿੱਥੋਂ ਪ੍ਰਵਾਸੀ ਅਕਸਰ ਅਮਰੀਕਾ ਪਹੁੰਚਣ ਲਈ ਲੰਘਦੇ ਹਨ ਅਤੇ ਇੱਥੇ ਉਹ ਅਪਰਾਧਿਕ ਗਿਰੋਹਾਂ ਅਤੇ ਕਾਰਟੇਲਸ ਦਾ ਸ਼ਿਕਾਰ ਹੋ ਜਾਂਦੇ ਹਨ। ਸਮੱਗਲਰ ਇਨ੍ਹਾਂ ਲੋਕਾਂ ਨੂੰ ਚੈੱਕ ਪੋਸਟਾਂ ਤੋਂ ਬਚਾਉਣ ਲਈ ਅਕਸਰ ਖ਼ਤਰਨਾਕ ਹਾਲਤਾਂ ਵਿਚ ਟਰੱਕਾਂ, ਲੁਕਵੇਂ ਖਾਨਿਆਂ ਅਤੇ ਇੱਥੋਂ ਤੱਕ ਕਿ ਨਕਲੀ ਐਂਬੂਲੈਂਸਾਂ ਵਿਚ ਭਰ ਕੇ ਲਿਜਾਂਦੇ ਹਨ। ਅਤੀਤ ਵਿਚ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ, ਜਿੱਥੇ ਟਰੱਕਾਂ ਵਿਚ ਦਮ ਘੁੱਟਣ ਕਾਰਨ ਪ੍ਰਵਾਸੀਆਂ ਦੀ ਮੌਤ ਹੋਈ ਹੈ, ਜਿਵੇਂ ਕਿ 2022 ਵਿਚ ਟੈਕਸਾਸ ਵਿਚ 53 ਪ੍ਰਵਾਸੀਆਂ ਦੀ ਜਾਨ ਚਲੀ ਗਈ ਸੀ।
ਮੈਕਸੀਕੋ ਪੁਲਿਸ ਨੇ ਸਾਰੇ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਹੈ ਅਤੇ ਆਮ ਤੌਰ ‘ਤੇ ਅਜਿਹੇ ਮਾਮਲਿਆਂ ਵਿਚ ਪ੍ਰਵਾਸੀਆਂ ਨੂੰ ਮੈਕਸੀਕੋ ਦੀ ਇਮੀਗ੍ਰੇਸ਼ਨ ਏਜੰਸੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਭਾਵੇਂ ਉੱਤਰ ਵੱਲ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਸੀ, ਪਰ ਹੁਣ ਇਹ ਸਿਲਸਿਲਾ ਹੌਲੀ-ਹੌਲੀ ਦੁਬਾਰਾ ਵਧਣਾ ਸ਼ੁਰੂ ਹੋ ਗਿਆ ਹੈ।
ਮੈਕਸੀਕੋ ‘ਚ ਅਧਿਕਾਰੀਆਂ ਨੇ ਟਰੱਕ ‘ਚ ਖ਼ਤਰਨਾਕ ਹਾਲਤ ਵਿਚ ਬੰਦ 229 ਪ੍ਰਵਾਸੀ ਕੀਤੇ ਬਰਾਮਦ

