ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਪੰਜਾਬ ਮੇਲ)- ਸੰਨੀ ਓਬਰਾਏ ਵਿਵੇਕ ਸਦਨ ਸ੍ਰੀ ਅਨੰਦਪੁਰ ਨੂੰ ਭਵਿੱਖੀ ਯੂਨੀਵਰਸਿਟੀ ਦੇ ਤੌਰ ‘ਤੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਥਾਪਤ ਕਰਨ ਦਾ ਐਲਾਨ ਦੁਬਈ ਦੇ ਧਨਾਢ ਸਿੱਖ ਪ੍ਰੋ. ਸੁਰਿੰਦਰਪਾਲ ਸਿੰਘ ਓਬਰਾਏ ਨੇ ਕੁਝ ਸਮਾਂ ਪਹਿਲਾਂ ਲਿਆ ਸੀ। ਇਸ ਕੰਮ ਨੂੰ ਠੀਕ ਢੰਗ ਨਾਲ ਚਲਾਉਣ ਤੇ ਇਸ ਯੂਨੀਵਰਸਿਟੀ ਦੀ ਐਫੀਲੀਏਸ਼ਨ ਅਤੇ ਸਰਕਾਰੀ ਅਰਧ ਸਰਕਾਰੀ ਪ੍ਰਵਾਨਗੀਆਂ ਲਈ ਪ੍ਰਸਿੱਧ ਅਕਾਦਮੀਸ਼ੀਅਨ ਪ੍ਰੋਫੈਸਰ ਸਰਬਜਿੰਦਰ ਸਿੰਘ ਦੀ ਨਿਯੁਕਤੀ ਬਤੌਰ ਵਾਈਸ-ਚਾਂਸਲਰ ਕਰ ਦਿੱਤੀ ਗਈ ਸੀ, ਜਿਨ੍ਹਾਂ ਨੇ ਇਸ ਸਾਰੇ ਪ੍ਰੋਜੈਕਟ ਨੂੰ ਆਪਣੇ ਹੱਥ ਵਿਚ ਲੈ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਈ ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਸੰਪੂਰਨ ਹੋਣ ਲਈ ਲੰਮੇ ਸਮੇਂ ਦੀ ਵੀ ਲੋੜ ਸੀ। ਇਸ ਕਾਰਜ ਲਈ ਪ੍ਰਬੰਧਕੀ ਬਲਾਕ ਦੀ ਉਸਾਰੀ ਸੰਪੂਰਨ ਕਰ ਲਈ ਗਈ ਸੀ ਤੇ ਇਸ ਦੇ ਨਾਲ ਹੀ ਕਾਨਫਰੰਸ ਹਾਲ, ਸੈਮੀਨਾਰ ਹਾਲ, ਲਾਇਬ੍ਰੇਰੀ, ਵਾਈਸ-ਚਾਂਸਲਰ ਦਫਤਰ, ਡੀਨ ਦਫਤਰ ਆਦਿ ਤਿਆਰ ਕਰ ਲਏ ਗਏ ਸਨ।
ਯੂਨੀਵਰਸਿਟੀ ਦੇ ਮਹੱਤਵਪੂਰਨ ਭਾਗ ਅਕਾਦਮਿਕ ਵਿੰਗ ਦੀ ਤਿਆਰੀ ਲਈ ‘ਪੰਜ ਪਿਆਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ’ ਦੀ ਪਵਿੱਤਰ ਅਗਵਾਈ ਵਿਚ ਨੀਂਹ ਪੱਥਰ ਦੀ ਪਵਿੱਤਰ ਰਸਮ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਓਟ ਆਸਰਾ ਲੈਣ ਲਈ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਦੁਆਰਾ ਕੀਤੀ ਅਰਦਾਸ ਨਾਲ ਸ਼ੁਰੂ ਹੋਈ, ਜਿਸ ਵਿਚ ਪੰਜ ਪਿਆਰੇ, ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ, ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਅਨੰਦਗੜ੍ਹ ਸਾਹਿਬ ਵਾਲੇ, ਭਾਈ (ਡਾ.) ਸੁਖਵਿੰਦਰ ਸਿੰਘ ਜੀ ਨੇ ਭਾਗ ਲਿਆ।
ਇਸ ਸਾਰੇ ਕਾਰਜ ਦੇ ਸਰਪ੍ਰਸਤ ਤੇ ਯੂਨੀਵਰਸਿਟੀ ਦੇ ਬਣਨ ਵਾਲੇ ਚਾਂਸਲਰ ਪ੍ਰੋਫੈਸਰ ਸੁਰਿੰਦਰਪਾਲ ਸਿੰਘ ਓਬਰਾਏ ਨੇ ਕਿਹਾ ਕਿ ਬਹੁਤ ਆਲੀਸ਼ਾਨ ਇਮਾਰਤ ਤਿਆਰ ਕੀਤੀ ਜਾਵੇਗੀ, ਜੋ ਹਰ ਸਹੂਲਤ ਨਾਲ ਲੈਸ ਹੋਵੇਗੀ।
ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਜੀ ਨੇ ਕਿਹਾ ਕਿ ਮੈਂ ਤਨਦੇਹੀ ਨਾਲ ਸਾਰੇ ਕਾਰਜ ਕਰ ਰਿਹਾ ਹਾਂ ਤੇ ਹਰ ਚੀਜ਼ ਨੂੰ ਬਹੁਤ ਨੀਝ ਨਾਲ ਵੇਖ ਵੀ ਰਿਹਾ ਹਾਂ। ਮੈਨੂੰ ਵਿੱਤ ਦੀ ਕੋਈ ਸਮੱਸਿਆ ਨਹੀਂ ਹੈ, ਇਸ ਲਈ ਹਰੇਕ ਕਾਰਜ ਸਹਿਜ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਕਰਮਚਾਰੀ ਇਸ ਕਾਰਜ ਵਿਚ ਮੇਰੇ ਨਾਲ ਦਿਨ-ਰਾਤ ਸਰਗਰਮ ਹਨ। ਡੀਨ ਅਕਾਦਮਿਕ ਡਾ. ਭੁਪਿੰਦਰ ਕੌਰ ਜੀ ਦੇ ਅਨੰਦਪੁਰ ਸਾਹਿਬ ਦੇ ਵਸਨੀਕ ਹੋਣ ਕਾਰਣ ਬਹੁਤ ਸਾਰੇ ਔਖੇ ਕਾਰਜ ਸੌਖੇ ਨਜਿੱਠਣ ਦੀ ਸਹੂਲੀਅਤ ਰਹਿੰਦੀ ਹੈ। ਸਰਬੱਤ ਦਾ ਭਲਾ ਵੀ ਮੋਢੇ ਨਾਲ ਮੋਢਾ ਜੋੜ ਸਾਡੀ ਮਦਦ ਕਰ ਰਿਹਾ ਹੈ।
ਸੰਨੀ ਓਬਰਾਏ ਵਿਵੇਕ ਸਦਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਵਿੱਖੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ

