-ਗੋਲੀਬਾਰੀ ਦੌਰਾਨ 14 ਹੋਰ ਜ਼ਖਮੀ
ਟੈਕਸਾਸ, 4 ਮਾਰਚ (ਪੰਜਾਬ ਮੇਲ)- ਟੈਕਸਾਸ ‘ਚ ਈਰਾਨੀ ਚਿੰਨ੍ਹ ਪਹਿਨੇ ਇੱਕ ਵਿਅਕਤੀ ਨੇ ਯੁੱਧ ਦੇ ਜਵਾਬ ‘ਚ ਗੋਲੀਬਾਰੀ ਕੀਤੀ। ਅਮਰੀਕਾ ਦੇ ਆਸਟਿਨ ਸ਼ਹਿਰ ‘ਚ ਇੱਕ ਬਾਰ ਦੇ ਬਾਹਰ ਹੋਈ ਗੋਲੀਬਾਰੀ ‘ਚ 4 ਜਣੇ ਮਾਰੇ ਗਏ, ਜਿਨ੍ਹਾਂ ‘ਚ 21 ਸਾਲਾ ਭਾਰਤੀ-ਅਮਰੀਕੀ ਵਿਦਿਆਰਥਣ ਵੀ ਸ਼ਾਮਲ ਹੈ। ਇਸ ਘਟਨਾ ਦੀ ਜਾਂਚ ਸੰਭਾਵੀ ਅੱਤਵਾਦੀ ਹਮਲੇ ਵਜੋਂ ਕੀਤੀ ਜਾ ਰਹੀ ਹੈ। ਆਸਟਿਨ ‘ਚ ਰਹਿੰਦੀ ਅਤੇ ਟੈਕਸਾਸ ਯੂਨੀਵਰਸਿਟੀ ‘ਚ ਪੜ੍ਹ ਰਹੀ ਵਿਦਿਆਰਥਣ ਸਵਿਤਾ ਸ਼ਾਨ ਬੀਤੇ ਐਤਵਾਰ ਵੈਸਟ ਸਿਕਸਥ ਸਟ੍ਰੀਟ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਹਮਲਾਵਾਰ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ‘ਚ ਮਾਰੀ ਗਈ। ਸਵਿਤਾ ਗ੍ਰੈਜੂਏਸ਼ਨ ਕਰ ਰਹੀ ਸੀ। ਯੂਨੀਵਰਸਿਟੀ ਅਧਿਕਾਰੀਆਂ ਨੇ ਉਸ ਨੂੰ ਮੈਨੇਜਮੈਂਟ ਸੂਚਨਾ ਪ੍ਰਣਾਲੀ ਅਤੇ ਅਰਥ ਸ਼ਾਸਤਰ ਦੀ ਬਿਹਤਰੀਨ ਵਿਦਿਆਰਥਣ ਦੱਸਿਆ ਸੀ। ਐੱਫ.ਬੀ.ਆਈ. ਦੀ ਸਾਂਝੀ ਅੱਤਵਾਦੀ ਟਾਸਕ ਫੋਰਸ ਦੀ ਅਗਵਾਈ ਹੇਠ ਫੈਡਰਲ ਅਥਾਰਿਟੀ ਘਟਨਾ ਦੀ ਜਾਂਚ ਕਰ ਰਹੀ ਹੈ। ਹਮਲੇ ਦਾ ਸ਼ੱਕੀ 53 ਸਾਲਾ ਡਿਆਗਾ ਡਿਆਗਨੇ, ਸੈਨੇਗਲ ਮੂਲ ਦਾ ਅਮਰੀਕੀ ਨਾਗਰਿਕ ਸੀ, ਜੋ ਪੁਲਿਸ ਕਾਰਵਾਈ ‘ਚ ਘਟਨਾ ਸਥਾਨ ‘ਤੇ ਮਾਰਿਆ ਗਿਆ। ਉਸ ਨੇ ਈਰਾਨੀ ਝੰਡੇ ਅਤੇ ”ਅੱਲ੍ਹਾ ਦੀ ਜਾਇਦਾਦ” ਸ਼ਬਦਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ। ਗੋਲੀਬਾਰੀ ‘ਚ 14 ਜਣੇ ਜ਼ਖ਼ਮੀ ਵੀ ਹੋਏ, ਜਿਨ੍ਹਾਂ ‘ਚ ਜ਼ਿਆਦਾਤਰ ਵਿਦਿਆਰਥੀ ਸਨ।
ਆਸਟਿਨ ਦੀ ਪੁਲਿਸ ਮੁਖੀ ਲਿਜ਼ਾ ਡੇਵਿਸ ਨੇ ਪ੍ਰੈੱਸ ਵਾਰਤਾ ‘ਚ ਘਟਨਾ ਸਥਾਨ ‘ਤੇ ਮਾਰੇ ਗਏ ਦੋ ਜਣਿਆਂ ਦੀ ਪਛਾਣ ਰਾਈਡਰ ਹੈਰਿੰਗਟਨ (19) ਅਤੇ ਸ਼ਾਨ ਵਜੋਂ ਕੀਤੀ ਹੈ। ਇਸ ਘਟਨਾ ਮਗਰੋਂ ਟੈਕਸਸ ‘ਚ ਭਾਰਤੀ-ਅਮਰੀਕੀ ਭਾਈਚਾਰਾ ਸੋਗ ‘ਚ ਹੈ। ਇਸ ਹੱਤਿਆ ਨੇ ਆਸਟਿਨ ਦੇ ਵੱਡੇ ਭਾਰਤੀ ਪ੍ਰਵਾਸੀ ਭਾਈਚਾਰੇ, ਖਾਸ ਤੌਰ ‘ਤੇ ਵਿਦਿਆਰਥਣਾਂ ਤੇ ‘ਸਿਲੀਕਾਨ ਹਿੱਲਜ਼’ ਖਿੱਤੇ ‘ਚ ਕੰਮ ਕਰਦੇ ਤਕਨੀਕੀ ਪੇਸ਼ੇਵਰਾਂ ਨੂੰ ਹਿਲਾ ਦਿੱਤਾ ਹੈ। ਟੈਕਸਸ ਯੂਨੀਵਰਸਿਟੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸ਼ਾਨ ਦਾ ਉਪ ਨਾਂ ਸ਼ਣਮੁਗਸੁੰਦਰਮ ਸੀ।
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ਨੀਵਾਰ ਨੂੰ ਈਰਾਨ ‘ਤੇ ਬੰਬਾਰੀ ਸ਼ੁਰੂ ਕਰਨ ਤੋਂ ਬਾਅਦ ਅੱਤਵਾਦ ਦੇ ਡਰ ਕਾਰਨ ਪੂਰੇ ਅਮਰੀਕਾ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਐੱਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਲਿਖਿਆ ਕਿ ਉਨ੍ਹਾਂ ਨੇ ਅੱਤਵਾਦ ਵਿਰੋਧੀ ਅਤੇ ਖੁਫੀਆ ਟੀਮਾਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਅਮਰੀਕਾ ‘ਚ ਈਰਾਨ ਹਮਲੇ ਦੇ ਵਿਰੋਧ ‘ਚ ਗੋਲੀਬਾਰੀ; ਭਾਰਤੀ ਵਿਦਿਆਰਥਣ ਸਮੇਤ 4 ਦੀ ਹੱਤਿਆ

