#PUNJAB

ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਸਥਾਨਾਂ ’ਤੇ ਲੱਖਾਂ ਦੀ ਤਾਦਾਦ ‘ਚ ਸੰਗਤ ਹੋਈ ਨਤਮਸਤਕ

ਸ੍ਰੀ ਕੀਰਤਪੁਰ ਸਾਹਿਬ, 2 ਮਾਰਚ, (ਪੰਜਾਬ ਮੇਲ)- ਖਾਲਸਾਈ ਸ਼ਾਨ ਦੇ ਪ੍ਰਤੀਕ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ-ਮਹੱਲਾ ਜੋੜ ਮੇਲੇ ਦੇ ਤੀਜੇ ਦਿਨ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨਤਮਸਤਕ ਹੋਈਆਂ। ਸੰਗਤਾਂ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ,ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ, ਡੇਰਾ ਬਾਬਾ ਸ਼੍ਰੀ ਚੰਦ ਜੀ, ਗੁਰਦੁਆਰਾ ਤੀਰ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਬਿਬਾਣਗੜ੍ਹ ਸਾਹਿਬ ਆਦਿ ਦੇ ਦਰਸ਼ਨ ਕੀਤੇ। ਸੰਗਤਾਂ ਵੱਲੋਂ ਦਰਸ਼ਨ ਕਰਨ ਤੋਂ ਪਹਿਲਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਸਰੋਵਰ ਅਤੇ ਅਸਤਘਾਟ ਵਿਚ ਇਸ਼ਨਾਨ ਵੀ ਕੀਤਾ ਗਿਆ । ਇਸ ਮੌਕੇ ਮੱਥਾ ਟੇਕਣ ਆਈ ਸੰਗਤ ਵੱਲੋਂ ਵੱਖ-ਵੱਖ ਦੁਕਾਨਾਂ ਉੱਪਰ ਜਾ ਕੇ ਆਪਣੇ ਘਰਾਂ ਲਈ ਮੇਲੇ ਦੀ ਯਾਦ ਵਜੋਂ ਸਾਮਾਨ ਦੀ ਖਰੀਦੋ ਫਰੋਕਤ ਵੀ ਕੀਤੀ ਗਈ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਵੱਖ-ਵੱਖ ਲੰਗਰਾਂ ਵਿਚ ਵੱਖ-ਵੱਖ ਪ੍ਰਕਾਰ ਦੇ ਵਿਅੰਜਨਾਂ ਦਾ ਪ੍ਰਸ਼ਾਦ ਵੀ ਛਕਿਆ ਗਿਆ। ਇਸ ਮੌਕੇ ਜਿਨ੍ਹਾਂ ਸ਼ਰਧਾਲੂਆਂ ਦੀ ਕੋਈ ਮੰਨਤ ਪੂਰੀ ਹੋਈ ਸੀ ਉਹ ਢੋਲ ਢਮੱਕੇ ਨਾਲ ਨੱਚਦੇ ਟੱਪਦੇ ਹੋਏ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਨੂੰ ਮੱਥਾ ਟੇਕਣ ਲਈ ਜਾ ਰਹੇ ਸਨ। ਬੇਸ਼ੱਕ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦਾ ਪਹਿਲਾ ਪੜਾਅ ਸੰਪੂਰਨ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਸੰਗਤਾਂ ਚਾਰ ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਸਥਾਨਾਂ ਉੱਪਰ ਦਰਸ਼ਨ ਕਰਨ ਲਈ ਆਉਂਦੀਆਂ ਰਹਿਣਗੀਆਂ।