#INDIA

ਏਅਰ ਇੰਡੀਆ ਦੇ ਬੋਇੰਗ 787-8 ਵਿਚ ਫਿਰ ਖ਼ਰਾਬੀ; ਉਡਾਣ ‘ਤੇ ਰੋਕ

ਨਵੀਂ ਦਿੱਲੀ, 11 ਫਰਵਰੀ (ਪੰਜਾਬ ਮੇਲ)- ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਪਾਇਲਟ ਦੁਆਰਾ ਫਿਊਲ ਕੰਟਰੋਲ ਸਵਿੱਚ ‘ਚ ਖ਼ਰਾਬੀ ਦੀ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੱਕ ਬੋਇੰਗ 787-8 ਜਹਾਜ਼ ਦੀ ਸੇਵਾ ‘ਤੇ ਰੋਕ ਲਗਾ ਦਿੱਤੀ ਹੈ।
ਏਅਰਲਾਈਨ ਨੇ ਅਧਿਕਾਰਤ ਬਿਆਨ ਵਿਚ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਇਲਟ ਤੋਂ ਸੂਚਨਾ ਮਿਲਦੇ ਹੀ ਇਹ ਕਦਮ ਸੁਰੱਖਿਆ ਦੇ ਲਿਹਾਜ਼ ਨਾਲ ਚੁੱਕਿਆ ਗਿਆ ਹੈ। ਏਅਰ ਇੰਡੀਆ ਨੇ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੂੰ ਵੀ ਇਸ ਮਾਮਲੇ ਦੀ ਤਰਜੀਹ ਦੇ ਆਧਾਰ ‘ਤੇ ਜਾਂਚ ਕਰਨ ਲਈ ਕਿਹਾ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ ਏ.ਆਈ. 132 (ਬੋਇੰਗ 787-8) ਲੰਡਨ ਤੋਂ ਬੈਂਗਲੁਰੂ ਲਈ ਉਡਾਣ ਭਰ ਰਹੀ ਸੀ। ਉਡਾਣ ਭਰਨ ਤੋਂ ਪਹਿਲਾਂ ਕੀਤੇ ਜਾਣ ਵਾਲੇ ‘ਫਲਾਈਟ ਚੈੱਕ’ ਦੌਰਾਨ ਇਸ ਸਮੱਸਿਆ ਦਾ ਪਤਾ ਲੱਗਿਆ। ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਇਸ ਮਾਮਲੇ ਦੀ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ, ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੂੰ ਦੇ ਦਿੱਤੀ ਗਈ।
ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਉਹ ਸਾਰੀਆਂ ਲੋੜੀਂਦੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੀ ਹੈ। ਉਨ੍ਹਾਂ ਨੇ ਪਹਿਲਾਂ ਵੀ ਡੀ.ਜੀ.ਸੀ.ਏ. ਦੇ ਨਿਰਦੇਸ਼ਾਂ ਅਨੁਸਾਰ ਆਪਣੇ ਬੋਇੰਗ 787 ਬੇੜੇ ਦੇ ਫਿਊਲ ਕੰਟਰੋਲ ਸਵਿੱਚਾਂ ਦੀ ਜਾਂਚ ਕੀਤੀ ਸੀ, ਜਿਸ ਵਿਚ ਉਸ ਸਮੇਂ ਕੋਈ ਖ਼ਰਾਬੀ ਨਹੀਂ ਪਾਈ ਗਈ।
ਦੱਸਣਯੋਗ ਹੈ ਕਿ ਦਸੰਬਰ ਵਿਚ ਵੀ ਏਅਰ ਇੰਡੀਆ ਦੀ ਦਿੱਲੀ ਤੋਂ ਮੁੰਬਈ ਜਾਣ ਵਾਲੀ ਇੱਕ ਫਲਾਈਟ ਤਕਨੀਕੀ ਖ਼ਰਾਬੀ ਕਾਰਨ ਉਡਾਣ ਭਰਨ ਤੋਂ ਤੁਰੰਤ ਬਾਅਦ ਦਿੱਲੀ ਪਰਤ ਆਈ ਸੀ। 22 ਦਸੰਬਰ ਨੂੰ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਸੀ। ਏਅਰਲਾਈਨ ਨੇ ਮੁੜ ਦੁਹਰਾਇਆ ਹੈ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।