#PUNJAB

ਕਮਲ ਭਾਬੀ ਕਤਲ ਮਾਮਲਾ: ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਭਗੌੜਾ ਕਰਾਰ

-ਇੰਟਰਪੋਲ ਰਾਹੀਂ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਦੀ ਪ੍ਰਕਿਰਿਆ ਤੇਜ਼
ਬਠਿੰਡਾ, 11 ਫਰਵਰੀ (ਪੰਜਾਬ ਮੇਲ)- ਸੋਸ਼ਲ ਮੀਡੀਆ ਇਨਫਲੁਐਂਸਰ ਕੰਚਨ ਕੁਮਾਰੀ ਉਰਫ਼ ਭਾਬੀ ਕਮਲ ਕੌਰ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ‘ਚ ਬਠਿੰਡਾ ਦੀ ਇੱਕ ਸਥਾਨਕ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਅਦਾਲਤ ਨੇ ਇਸ ਕੇਸ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਗੌੜਾ ਅਪਰਾਧੀ (ਪੀ. ਓ.) ਐਲਾਨ ਦਿੱਤਾ ਹੈ। ਇਹ ਫ਼ੈਸਲਾ ਵਾਰ-ਵਾਰ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਮੁਲਜ਼ਮ ਦੇ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਲਿਆ ਗਿਆ ਹੈ। ਅਦਾਲਤ ਨੇ 7 ਫਰਵਰੀ ਨੂੰ ਹੋਈ ਸੁਣਵਾਈ ‘ਚ ਫ਼ਰਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭਗੌੜਾ ਕਰਾਰ ਦਿੱਤਾ। ਪੁਲਿਸ ਰਿਪੋਰਟਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਵਾਰਦਾਤ ਤੋਂ ਬਾਅਦ ਜੂਨ 2025 ‘ਚ ਦੇਸ਼ ਛੱਡ ਕੇ ਫ਼ਰਾਰ ਹੋ ਗਿਆ ਸੀ ਅਤੇ ਉਸ ਦੇ ਯੂ.ਏ.ਈ. (ਸੰਯੁਕਤ ਅਰਬ ਅਮੀਰਾਤ) ‘ਚ ਲੁਕੇ ਹੋਣ ਦਾ ਖ਼ਦਸ਼ਾ ਹੈ।
ਬਠਿੰਡਾ ਕੈਂਟ ਦੇ ਥਾਣਾ ਮੁਖੀ ਦਲਜੀਤ ਢਿੱਲੋਂ ਨੇ ਪੁਸ਼ਟੀ ਕੀਤੀ ਹੈ ਕਿ ਮੁਲਜ਼ਮ ਦੇ ਸੰਯੁਕਤ ਅਰਬ ਅਮੀਰਾਤ ‘ਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਹੈ। ਹੁਣ ਸੂਬਾ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇੰਟਰਪੋਲ ਰਾਹੀਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ, ਤਾਂ ਜੋ ਉਸ ਦੀ ਹਵਾਲਗੀ ਸੰਭਵ ਹੋ ਸਕੇ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੀਤੀ 9-10 ਜੂਨ ਦੀ ਰਾਤ ਨੂੰ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਕੰਚਨ ਕੁਮਾਰੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮਾਂ ਨੇ ਕੰਚਨ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਸਮੱਗਰੀ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਦੱਸਦਿਆਂ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦਿੱਤਾ ਸੀ। ਕਤਲ ਤੋਂ ਬਾਅਦ ਲਾਸ਼ ਨੂੰ ਬਠਿੰਡਾ ਦੇ ਭੁੱਚੋ ਸਥਿਤ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ ‘ਚ ਸੁੱਟ ਦਿੱਤਾ ਗਿਆ ਸੀ, ਜੋ 11 ਜੂਨ ਨੂੰ ਬਰਾਮਦ ਹੋਈ।
ਇਸ ਮਾਮਲੇ ‘ਚ ਤਿੰਨ ਹੋਰ ਮੁਲਜ਼ਮ ਪਹਿਲਾਂ ਹੀ ਪੁਲਿਸ ਦੀ ਗ੍ਰਿਫ਼ਤਾਰੀ ‘ਚ ਹਨ। ਜਸਪ੍ਰੀਤ ਅਤੇ ਨਿਮਰਤਜੀਤ ਜੇਲ੍ਹ ‘ਚ ਹਨ, ਜਦੋਂ ਕਿ ਮੁਲਜ਼ਮ ਰਣਜੀਤ ਸਿੰਘ ਨੂੰ 6 ਫਰਵਰੀ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਣਜੀਤ ਸਿੰਘ ‘ਤੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੱਕ ਪਹੁੰਚਾਉਣ ‘ਚ ਮਦਦ ਕਰਨ ਦਾ ਦੋਸ਼ ਹੈ, ਜਿੱਥੋਂ ਉਹ ਵਿਦੇਸ਼ ਫ਼ਰਾਰ ਹੋਇਆ ਸੀ।