#PUNJAB

ਜਲੰਧਰ ‘ਚ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

-ਦੋ ਐਕਟਿਵਾ ਸਵਾਰਾਂ ਨੇ ਚਲਾਈਆਂ ਗੋਲੀਆਂ
ਜਲੰਧਰ, 6 ਫਰਵਰੀ (ਪੰਜਾਬ ਮੇਲ)- ਇੱਥੋਂ ਦੇ ਮਾਡਲ ਟਾਊਨ ਵਿਚ ਗੁਰਦੁਆਰਾ ਸਾਹਿਬ ਦੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਉਬਰਾਏ ਨੂੰ ਗੋਲੀਆਂ ਮਾਰ ਦਿੱਤੀਆਂ ਹਨ। ਇਸ ਦੌਰਾਨ ਆਪ ਆਗੂ ਨੂੰ ਪੰਜ ਗੋਲੀਆਂ ਲੱਗੀਆਂ। ਘਟਨਾ ਤੋਂ ਬਾਅਦ ਜ਼ਖਮੀ ਨੂੰ ਤੁਰੰਤ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਹਿਰ ਦੇ ਪੌਸ਼ ਇਲਾਕੇ ਵਿਚ ਗੋਲੀ ਚੱਲਣ ਦੀ ਵਾਰਦਾਤ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੱਕੀ ਉਬਰਾਏ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਆਏ ਸਨ। ਬਦਮਾਸ਼ਾਂ ਨੇ ਪਾਰਕਿੰਗ ਵਿਚ ਖੜ੍ਹੀ ਕਾਰ ਵਿਚ ਬੈਠਣ ਸਮੇਂ ਲੱਕੀ ਉਬਰਾਏ ਉੱਪਰ ਗੋਲੀਆਂ ਚਲਾਈਆਂ ਸਨ। ਮੁੱਢਲੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਅੱਠ ਤੋਂ 10 ਗੋਲੀਆਂ ਚਲਾਈਆਂ ਹਨ।
ਮ੍ਰਿਤਕ ਫਾਈਨਾਂਸ ਦਾ ਕਾਰੋਬਾਰ ਕਰਦਾ ਸੀ। ਉਸ ਦੀ ਪਤਨੀ ਸਿਮਰਜੋਤ ਕੌਰ ਨੇ ਦਸੰਬਰ 2024 ਵਿਚ ‘ਆਪ’ ਦੀ ਟਿਕਟ ‘ਤੇ ਇਲਾਕੇ ਤੋਂ ਕੌਂਸਲਰ ਦੀ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਪੁਲਿਸ ਆਸ-ਪਾਸ ਦੇ ਸੀ.ਸੀ. ਟੀ.ਵੀ. ਕੈਮਰਿਆਂ ਦੀ ਜਾਂਚ ਕਰਨ ਵਿਚ ਜੁੱਟ ਗਈ ਹੈ।