ਬਰੈਂਪਟਨ, 25 ਨਵੰਬਰ (ਕੁਲਵਿੰਦਰ ਖਹਿਰਾ/ਪੰਜਾਬ ਮੇਲ)- ਪੰਜਾਬ ਤੋਂ ਆਏ ਨੌਜਵਾਨ ਵਿਦਿਆਰਥੀਆਂ ਦੇ ਭੇਸ ਵਿਚ ਆ ਗਏ ਕੁਝ ਗੁੰਡਾ-ਅਨਸਰਾਂ ਕਾਰਨ, ਜਿੱਥੇ ਸਾਡੇ ਭਾਈਚਾਰੇ ਦਾ ਅਕਸ ਖਰਾਬ ਹੋਇਆ ਹੈ ਅਤੇ ਸਾਰੇ ਹੀ ਵਿਦਿਆਰਥੀਆਂ ਨੂੰ ਇੱਕੋ ਹੀ ਨਜ਼ਰ ਨਾਲ਼ ਵੇਖਿਆ ਜਾਣ ਲੱਗਾ ਹੈ, ਉਥੇ 21 ਨਵੰਬਰ ਨੂੰ ਬਰੈਂਪਟਨ ਵਿਚ ਨੌਜਵਾਨ ਲੇਖਕਾਂ ਵੱਲੋਂ (ਜਿਨ੍ਹਾਂ ਵਿਚ ਤਕਰੀਬਨ ਸਾਰੇ ਹੀ ਵਿਦਿਆਰਥੀ ਬਣਕੇ ਆਏ ਬੱਚੇ ਹਨ) ਬਣਾਈ ਜਾ ਰਹੀ ਸੰਸਥਾ ਵੱਲੋਂ ‘ਮੁਲਾਕਾਤ’ ਸਿਰਲੇਖ ਹੇਠ ਇੱਕ ਬਹੁਤ ਹੀ ਸ਼ਾਨਦਾਰ ਅਤੇ ਤਸੱਲੀ ਦੇਣ ਵਾਲ਼ਾ ਕਵੀ ਦਰਬਾਰ ਕਰਵਾਇਆ ਗਿਆ। ਕੁਝ ਗਿਣਤੀ ਦੇ ਪੁਰਾਣੀਆਂ ਸਾਹਿਤਕ ਸੰਸਥਾਵਾਂ ਦੇ ਮੈਂਬਰਾਂ ਤੋਂ ਇਲਾਵਾ ਕੋਈ 200 ਦੇ ਕਰੀਬ ਦਰਸ਼ਕਾਂ ਵਿਚ ਬਾਕੀ ਗਿਣਤੀ ਨੌਜਵਾਨਾਂ ਦੀ ਹੀ ਸੀ। ਕੋਈ 35 ਦੇ ਕਰੀਬ ਪੇਸ਼ ਹੋਏ ਕਵੀਆਂ ਵੱਲੋਂ ਪੰਜਾਬੀ ਤੋਂ ਇਲਾਵਾ ਇੱਕ ਦੋ ਹਿੰਦੀ ਅਤੇ ਅੰਗਰੇਜ਼ੀ ਦੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ।
ਸਭ ਤੋਂ ਵੱਧ ਮਾਣ ਵਾਲ਼ੀ ਗੱਲ ਇਨ੍ਹਾਂ ਬੱਚਿਆਂ ਵੱਲੋਂ ਆਸ਼ੀਰਵਾਦ ਦੇ ਰੂਪ ਵਿਚ ਸਥਾਪਤ ਲੇਖਕਾਂ ਨੂੰ ਦਿੱਤਾ ਗਿਆ ਸਤਿਕਾਰ ਸੀ, ਜਿਸ ਵਿਚ ਵਰਿਆਮ ਸਿੰਘ ਸੰਧੂ ਮੁੱਖ ਮਹਿਮਾਨ ਅਤੇ ਤਾਹਿਰਾ ਸਰਾ ਨੂੰ ਵਿਸ਼ੇਸ਼ ਮਹਿਮਾਨ ਵਜੋਂ ਨਿਵਾਜਿਆ ਗਿਆ ਅਤੇ ਭੁਪਿੰਦਰ ਦੁਲੇ ਅਤੇ ਸੁਰਿੰਦਰਜੀਤ ਕੌਰ ਗਿੱਲ ਨੂੰ ਪ੍ਰਧਾਨਗੀ ਮੰਡਲ ਵਿਚ ਬਿਠਾਇਆ ਗਿਆ, ਜਦਕਿ ਇਨ੍ਹਾਂ ਬੱਚਿਆਂ ਵੱਲੋਂ ਕੋਈ ਵੀ ਜਣਾ ਇਨ੍ਹਾਂ ਦੇ ਬਰਾਬਰ ਨਹੀਂ ਬੈਠਾ। ਸਭ ਕਾਸੇ ਦਾ ਸੁਚੱਜਾ ਪ੍ਰਬੰਧ ਕਰਨ ਦੇ ਬਾਵਜੂਦ ਬੱਚਿਆਂ ਦਾ ਆਪ ਪ੍ਰਧਾਨਗੀ ਮੰਡਲ ਵਿਚ ਨਾ ਬੈਠਣਾ, ਜਿੱਥੇ ਇਨ੍ਹਾਂ ਬੱਚਿਆਂ ਦੀ ਉੱਚੀ ਸੋਚ ਨੂੰ ਦਰਸਾਉਂਦਾ ਸੀ, ਉਥੇ ਕੁਝ ਕੁ ਆਪਣੇ ਆਪ ਨੂੰ ਸਥਾਪਿਤ ਸਮਝਦੇ ਪਕਰੋੜ੍ਹਾਂ ਵੱਲੋਂ ਸਟੇਜ ‘ਤੇ ਸਮੇਂ ਲਈ ਲੇਲ੍ਹੜੀਆਂ ਕੱਢਣਾ ਪ੍ਰੇਸ਼ਾਨ ਵੀ ਕਰਦਾ ਰਿਹਾ।
ਕੋਈ 30-35 ਕਵੀਆਂ ਵਿਚੋਂ ਬਹੁਤੇ ਬੱਚੇ ਹੀ ਸਨ। ਬੇਸ਼ੱਕ ਸ਼ਾਇਰੀ ‘ਚ ਪੈਰ ਧਰ ਰਹੇ ਇਨ੍ਹਾਂ ਬੱਚਿਆਂ ਦੀ ਸ਼ਾਇਰੀ ਲਈ ਅਜੇ ਪੌਲਿਸ਼ ਹੋਣ ਦੀ ਲੋੜ ਮਹਿਸੂਸ ਹੋ ਰਹੀ ਸੀ ਪਰ ਸਾਹਿਤਕਤਾ ਦਾ ਜੋ ਕਣ ਅਤੇ ਸੋਚ ਦੀ ਜੋ ਚਿਣਗ ਉਨ੍ਹਾਂ ਦੇ ਸ਼ਬਦਾਂ ਵਿਚੋਂ ਝਲਕ ਰਹੀ ਸੀ, ਉਹ ਨਿਰਸੰਦੇਹ ਸਾਰੇ ਭੁਲੇਖੇ ਦੂਰ ਕਰਦੀ ਸੀ ਕਿ ਸਾਡੇ ਬੱਚੇ ਸਾਹਿਤ ਨਾਲੋਂ ਟੁੱਟ ਗਏ ਹਨ ਤੇ ਪੰਜਾਬੀ ਸਾਹਿਤ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ।
ਬੇਸ਼ੱਕ ਇਨ੍ਹਾਂ ਬੱਚਿਆਂ ਵੱਲੋਂ ਸਟੇਜ ਸੰਚਾਲਨਾ ਆਪ ਕਰਨ ਦੀ ਬਜਾਇ ਇਸ ਜ਼ਿੰਮੇਵਾਰੀ ਦਾ ਮਾਣ ਵੀ ਪਰਮਜੀਤ ਦਿਓਲ ਨੂੰ ਦਿੱਤਾ ਗਿਆ ਪਰ ਬੱਚੀ ਨਵਰੀਤ ਪਾਬਲਾ, ਗੁਰਵੀਨ ਪਾਬਲਾ, ਬੇਟੇ ਗੁਰਦਾਸ ਥਾਬਲ, ਪਰਨੀਤ ਸਿੰਘ, ਹਰਜੋਤ ਲਾਇਲ, ਕਰਨਦੀਪ ਧਾਲੀਵਾਲ, ਕਰਮਜੀਤ ਸਿੰਘ ਥਾਬਲ, ਕਰਨਦੀਪ ਪ੍ਰਕਾਸ਼, ਸੁਖਮਨਦੀਪ ਕੌਰ ਰੰਧਾਵਾ ਅਤੇ ਪਰਮਜੀਤ ਦਿਓਲ ਦੀ ਅਗਵਾਈ ਅਤੇ ਮਿਹਨਤ ਪ੍ਰਤੱਖ ਵਿਖਾਈ ਦੇ ਰਹੀ ਸੀ।
ਕਵਿਤਾ ਪੜ੍ਹਨ ਵਾਲ਼ੇ ਬੱਚਿਆਂ ਵਿਚ ਅਮਰਜੀਤ ਭੁੱਲਰ, ਗੁਰਲੀਨ ਕੌਰ, ਗੁਰਵਿੰਦਰ, ਅਰਸ਼ ਚੀਮਾ, ਸਨਮੀਤ ਵਿਰਕ, ਨਵਰੀਤ ਢਿੱਲੋਂ, ਨਵਰੀਤ ਪਾਬਲਾ, ਕਰਨਦੀਪ ਸਿੰਘ ਪ੍ਰਕਾਸ਼, ਅਨੂ ਰੰਧਾਵਾ, ਹਰਜੋਤ ਲਾਇਲ, ਪ੍ਰੇਮਪਾਲ ਗਿੱਲ, ਲਵਪ੍ਰੀਤ ਸਿੰਘ, ਨਵਰੀਤ ਪਾਬਲਾ, ਗੁਰਦਾਸ ਥਾਬਲ, ਗੁਰਚਿੱਤ ਕੌਰ, ਪ੍ਰਨੀਤ ਸਿੰਘ, ਸੁਖਮਨਦੀਪ ਕੌਰ ਰੰਧਾਵਾ, ਅਮਰਜੀਤ ਸਿੰਗ ਭੁੱਲਰ, ਕਰਨਦੀਪ ਸਿੰਘ ਧਾਲੀਵਾਲ, ਗ਼ਡਾਲੇ ਗ਼ਸੇਮੀ ਆਦਿ ਨੇ ਰੰਗ ਬੰਨ੍ਹਿਆ, ਜਦਕਿ ਵੱਡਿਆਂ ਵਿਚੋਂ ਹਰਮੇਸ਼ ਸਿੰਘ, ਰਿੰਟੂ ਭਾਟੀਆ ਅਤੇ ਉਪਕਾਰ ਸਿੰਘ ਨੇ ਤਰੰਨਮ ਪੇਸ਼ ਕੀਤਾ ਅਤੇ ਉਜ਼ਮਾ ਮਹਿਮੂਦ, ਪਰਮ ਸਰਾਂ, ਕੁਲਵਿੰਦਰ ਖਹਿਰਾ, ਸੁਰਿੰਦਰਜੀਤ ਕੌਰ ਗਿੱਲ, ਪਰਮਜੀਤ ਸਿੰਘ ਢਿੱਲੋਂ, ਰਜਵੰਤ ਕੌਰ ਸੰਧੂ, ਪਰਮਜੀਤ ਦਿਓਲ, ਪ੍ਰਭਜੋਤ ਰਾਠੌਰ, ਭੁਪਿੰਦਰ ਦੁਲੇ ਅਤੇ ਅਤੈ ਸਿੰਘ ਨੇ ਕਲਾਮ ਪੇਸ਼ ਕੀਤਾ। ਇਸਤੋਂ ਇਲਾਵਾ ਹਰਦਿਆਲ ਸਿੰਘ ਝੀਤਾ, ਸੁਰਜੀਤ ਕੌਰ, ਸੁੰਦਰਪਾਲ ਰਾਜਾਸਾਂਸੀ ਅਤੇ ਜਗੀਰ ਸਿੰਘ ਕਾਹਲੋਂ ਵੀ ਹਾਜ਼ਰ ਸਨ।
ਵਰਿਆਮ ਸਿੰਘ ਸੰਧੂ ਵੱਲੋਂ ਕੀਤੇ ਗਏ ਪ੍ਰਧਾਨਗੀ ਸੰਬੋਧਨ ਕੀਤਾ ਗਿਆ।
ਪੰਜ ਘੰਟੇ ਤੋਂ ਵੱਧ ਸਮਾਂ ਇਨ੍ਹਾਂ ਬੱਚਿਆਂ ਦੀ ਸੰਗਤ ਵਿਚ ਮਾਣ ਕੇ ਵੀ ਬਿਨਾਂ ਥਕਾਵਟ ਮਹਿਸੂਸ ਕੀਤੇ ਘਰ ਆਉਂਦਿਆਂ ਮੈਂ, ਭੁਪਿੰਦਰ ਦੁਲੇ ਅਤੇ ਉਪਕਾਰ ਸਿੰਘ ਜੀ ਇਹੋ ਹੀ ਖੁਸ਼ੀ ਸਾਂਝੀ ਕਰਦੇ ਰਹੇ ਸਾਂ ਕਿ ਸਾਡੇ ਵਾਰਿਸ ਪੈਦਾ ਹੋ ਚੁੱਕੇ ਹਨ ਤੇ ਸਾਨੂੰ ਚਿੰਤਾ-ਮੁਕਤ ਹੋ ਜਾਣਾ ਚਾਹੀਦਾ ਹੈ ਕਿ ਸਾਡੀ ਅਗਲੀ ਪੀੜ੍ਹੀ ਸਾਹਿਤ ਨਾਲੋਂ ਟੁੱਟ ਚੁੱਕੀ ਹੈ; ਇਹ ਪੀੜ੍ਹੀ ਨਵੇਂ ਦਿਸਹੱਦੇ ਸਿਰਜਣ ਦੀ ਆਸ ਬਨ੍ਹਾ ਰਹੀ ਹੈ।
ਬਰੈਂਪਟਨ ਵਿਚ ਨੌਜਵਾਨ ਸਾਹਿਤਕਾਰ ਬੱਚਿਆਂ ਦੀ ਪੇਸ਼ਕਾਰੀ ਸਾਡੇ ਉਜਲੇ ਭਵਿੱਖ ਦੀ ਪ੍ਰਤੀਕ ਬਣੀ

