#AMERICA

ਕੈਲੀਫੋਰਨੀਆ ‘ਚ 17,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦਾ ਫੈਸਲਾ ਟਲਿਆ

ਵਾਸ਼ਿੰਗਟਨ, 1 ਜਨਵਰੀ (ਪੰਜਾਬ ਮੇਲ)- ਅਮਰੀਕੀ ਸੂਬੇ ਕੈਲੀਫੋਰਨੀਆ ਤੋਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਪ੍ਰਵਾਸੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਲੀਫੋਰਨੀਆ ਸਰਕਾਰ ਨੇ 17,000 ਕਮਰਸ਼ੀਅਲ ਡਰਾਈਵਰ ਲਾਇਸੈਂਸਾਂ (ਸੀ.ਡੀ.ਐੱਲ.) ਨੂੰ ਰੱਦ ਕਰਨ ਦੀ ਪ੍ਰਕਿਰਿਆ ਨੂੰ ਮਾਰਚ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਸਿੱਖ ਜਥੇਬੰਦੀਆਂ ਅਤੇ ਹੋਰ ਪ੍ਰਵਾਸੀ ਸਮੂਹਾਂ ਵੱਲੋਂ ਅਦਾਲਤ ਵਿਚ ਦਾਇਰ ਕੀਤੀ ਗਈ ਪਟੀਸ਼ਨ ਤੋਂ ਇੱਕ ਹਫ਼ਤਾ ਬਾਅਦ ਲਿਆ ਗਿਆ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਪ੍ਰਵਾਸੀ ਡਰਾਈਵਰਾਂ ਨੂੰ ਬਿਨਾਂ ਵਜ੍ਹਾ ਅਤੇ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਰੋਤਾਂ ਅਨੁਸਾਰ, ਅਮਰੀਕੀ ਟ੍ਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡੱਫੀ ਨੇ ਕੈਲੀਫੋਰਨੀਆ ਸਰਕਾਰ ‘ਤੇ ਦਬਾਅ ਬਣਾਇਆ ਸੀ ਕਿ ਉਹ ਉਨ੍ਹਾਂ ਪ੍ਰਵਾਸੀਆਂ ਦੇ ਲਾਇਸੈਂਸ ਰੱਦ ਕਰੇ, ਜੋ ਦੇਸ਼ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। ਡੱਫੀ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ 5 ਜਨਵਰੀ ਦੀ ਡੈੱਡਲਾਈਨ ਤੱਕ ਇਹ ਕਾਰਵਾਈ ਨਾ ਕੀਤੀ ਗਈ, ਤਾਂ ਰਾਜ ਦਾ 160 ਮਿਲੀਅਨ ਡਾਲਰ ਦਾ ਫੈਡਰਲ ਫੰਡ ਰੋਕਿਆ ਜਾ ਸਕਦਾ ਹੈ। ਹਾਲਾਂਕਿ, ਰਾਜ ਵੱਲੋਂ ਕਾਰਵਾਈ ਦੀ ਸਹਿਮਤੀ ਜਤਾਉਣ ਤੋਂ ਬਾਅਦ ਉਨ੍ਹਾਂ ਨੇ ਇਹ ਧਮਕੀ ਵਾਪਸ ਲੈ ਲਈ ਹੈ।
ਇਸ ਸਖ਼ਤੀ ਪਿੱਛੇ ਅਗਸਤ 2025 ‘ਚ ਫਲੋਰੀਡਾ ਵਿਚ ਹੋਇਆ ਇੱਕ ਭਿਆਨਕ ਹਾਦਸਾ ਸੀ, ਜਿੱਥੇ ਇੱਕ ਅਣਅਧਿਕਾਰਤ ਸਿੱਖ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਗਲਤ ਯੂ-ਟਰਨ ਲੈਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਅਕਤੂਬਰ ਵਿਚ ਕੈਲੀਫੋਰਨੀਆ ਵਿਚ ਵੀ ਇੱਕ ਅਜਿਹਾ ਹੀ ਹਾਦਸਾ ਵਾਪਰਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕਈ ਡਰਾਈਵਰਾਂ ਦੇ ਲਾਇਸੈਂਸ ਉਨ੍ਹਾਂ ਦੇ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ ਵੀ ਚੱਲ ਰਹੇ ਸਨ।