28 ਨਵੰਬਰ ਨੂੰ ਪੈਣਗੀਆਂ ਵੋਟਾਂ; ਚੋਣ ਜ਼ਾਬਤਾ ਲਾਗੂ
ਚੰਡੀਗੜ੍ਹ, 12 ਨਵੰਬਰ (ਪੰਜਾਬ ਮੇਲ)- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ, ਬਾਘਾ ਪੁਰਾਣਾ ਨਗਰ ਕੌਂਸਲ ਦੇ 15 ਵਾਰਡਾਂ ਅਤੇ ਧਰਮਕੋਟ ਨਗਰ ਕੌਂਸਲ ਦੇ 7 ਵਾਰਡਾਂ ਵਿਚ 28 ਨਵੰਬਰ ਨੂੰ ਵੋਟਿੰਗ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੋਟਿੰਗ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ 13 ਨਵੰਬਰ 2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗੀ। ਜਦੋਂਕਿ 14 ਤੋਂ 16 ਨਵੰਬਰ ਤੱਕ ਛੁੱਟੀ ਹੋਵੇਗੀ ਅਤੇ 17 ਤੋਂ 19 ਨਵੰਬਰ ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 20 ਨਵੰਬਰ 2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗੀ ਅਤੇ 21 ਨਵੰਬਰ ਨੂੰ ਦੁਪਹਿਰ 3:00 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਵੋਟਾਂ 28 ਨਵੰਬਰ 2026 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਸਬੰਧੀ ਹਦਾਇਤਾਂ ਬਾਅਦ ਵਿਚ ਜਾਰੀ ਕੀਤੀਆਂ ਜਾਣਗੀਆਂ।
ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਚੋਣਾਂ ਲਈ ਕੁੱਲ 1,76,429 ਰਜਿਸਟਰਡ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿਚ 91,415 ਪੁਰਸ਼, 84,999 ਮਹਿਲਾ ਅਤੇ 15 ਹੋਰ ਵੋਟਰ ਸ਼ਾਮਲ ਹਨ। ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਟਿਆਲਾ ਵਿਚ 123, ਬਾਘਾ ਪੁਰਾਣਾ ਵਿਚ 20 ਅਤੇ ਧਰਮਕੋਟ ਵਿਚ 7 ਪੋਲਿੰਗ ਬੂਥ ਬਣਾਏ ਗਏ ਹਨ। ਸਮੁੱਚੀ ਚੋਣ ਪ੍ਰਕਿਰਿਆ ਈ.ਵੀ.ਐੱਮ. ਰਾਹੀਂ ਨੇਪਰੇ ਚਾੜ੍ਹੀ ਜਾਵੇਗੀ।
ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਲਈ ਚੋਣ ਖ਼ਰਚੇ ਦੀ ਹੱਦ ਨਗਰ ਨਿਗਮ (ਮਿਉਂਸਪਲ ਕਾਰਪੋਰੇਸ਼ਨ) ਲਈ 4,00,000 ਰੁਪਏ ਅਤੇ ਕਲਾਸ-2 ਨਗਰ ਕੌਂਸਲਾਂ (ਮਿਉਂਸਪਲ ਕੌਂਸਲਾਂ) ਲਈ 2,30,000 ਰੁਪਏ ਤੈਅ ਕੀਤੀ ਗਈ ਹੈ। ਹਰੇਕ ਨਾਮਜ਼ਦਗੀ ਪੱਤਰ ਨਾਲ ਨਿਰਧਾਰਤ ਹਲਫ਼ਨਾਮਾ ਨੱਥੀ ਹੋਣਾ ਲਾਜ਼ਮੀ ਹੈ। ਸਿਆਸੀ ਪਾਰਟੀ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਲਈ ਪਾਰਟੀ ਦਾ ਅਧਿਕਾਰ ਪੱਤਰ ਦੇਣਾ ਜ਼ਰੂਰੀ ਹੋਵੇਗਾ।
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ, ਧਰਮਕੋਟ ਤੇ ਬਾਘਾਪੁਰਾਣਾ ਲਈ ਨਗਰ ਨਿਗਮ ਚੋਣਾਂ ਦਾ ਐਲਾਨ

