#EUROPE

6 ਸਾਲ ਸ਼ਾਹੀ ਪਰਿਵਾਰ ਤੋਂ ਦੂਰ ਰਹਿਣ ਮਗਰੋਂ ਯੂ.ਕੇ. ਵਾਪਸ ਪਰਤਣਗੇ ਪ੍ਰਿੰਸ ਹੈਰੀ ਤੇ ਮੇਘਨ!

ਲੰਡਨ, 20 ਅਗਸਤ (ਪੰਜਾਬ ਮੇਲ)- ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਆਪਣੇ ਦੋਵਾਂ ਬੱਚਿਆਂ ਸਮੇਤ ਇਸੇ ਮਹੀਨੇ ਦੇ ਅਖੀਰ ਤੱਕ ਅਮਰੀਕਾ ਛੱਡ ਕੇ ਵਾਪਸ ਯੂਨਾਈਟਿਡ ਕਿੰਗਡਮ (ਯੂ.ਕੇ.) ਸ਼ਿਫਟ ਹੋਣ ਦੀ ਤਿਆਰੀ ਕਰ ਰਹੇ ਹਨ। ਬ੍ਰਿਟਿਸ਼ ਮੀਡੀਆ ਰਿਪੋਰਟਾਂ ਅਨੁਸਾਰ, ਯੂ.ਕੇ. ਵਾਪਸ ਆਉਣ ਦੇ ਬਾਵਜੂਦ ਉਹ ਰਾਇਲ ਫੈਮਿਲੀ ਦੇ ‘ਗੈਰ-ਕਾਰਜਕਾਰੀ’ ਮੈਂਬਰ ਵਜੋਂ ਹੀ ਰਹਿਣਗੇ।
ਕਿੰਗ ਚਾਰਲਸ-3 ਦੇ ਛੋਟੇ ਬੇਟੇ 41 ਸਾਲਾ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ (45) ਨੇ 6 ਸਾਲ ਪਹਿਲਾਂ ਰਾਇਲ ਡਿਊਟੀ ਤੋਂ ਅਸਤੀਫ਼ਾ ਦੇ ਕੇ ਅਮਰੀਕਾ ਦੇ ਕੈਲੀਫੋਰਨੀਆ ਜਾ ਕੇ ਵਸਣ ਦਾ ਫੈਸਲਾ ਕੀਤਾ ਸੀ। ਹੁਣ ਉਹ ਲੰਡਨ ਤੋਂ ਬਾਹਰ ਪ੍ਰਾਈਵੇਟ ਰੈਜ਼ੀਡੈਂਸ ‘ਤੇ ਰਹਿਣਗੇ। ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਆਪਣੇ 7 ਸਾਲਾ ਬੇਟੇ ਪ੍ਰਿੰਸ ਆਰਚੀ ਅਤੇ 5 ਸਾਲਾ ਬੇਟੀ ਪ੍ਰਿੰਸੈਸ ਲਿਲੀਬੇਟ ਦਾ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਲਈ ਬ੍ਰਿਟਿਸ਼ ਸਕੂਲ ‘ਚ ਦਾਖਲਾ ਵੀ ਕਰਵਾ ਦਿੱਤਾ ਹੈ।
ਪ੍ਰਿੰਸ ਹੈਰੀ ਤੇ ਉਨ੍ਹਾਂ ਦੇ ਪਰਿਵਾਰ ਦੀ ਵਾਪਸੀ ‘ਤੇ ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਉਹ ਗੈਰ-ਕਾਰਜਕਾਰੀ ਸ਼ਾਹੀ ਮੈਂਬਰਾਂ ਦੇ ਨਿੱਜੀ ਫੈਸਲਿਆਂ ‘ਤੇ ਟਿੱਪਣੀ ਨਹੀਂ ਕਰਦੇ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਕਿੰਗ ਚਾਰਲਸ ਨੂੰ ਇਸ ਕਦਮ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਪਿਛਲੇ ਮਹੀਨੇ ਗਲੌਸਟਰਸ਼ਾਇਰ ਵਿਖੇ ਇੱਕ ਨਿੱਜੀ ਸਮਾਗਮ ਦੌਰਾਨ ਹੈਰੀ ਅਤੇ ਮੇਘਨ ਨੇ ਕਿੰਗ ਨਾਲ ਮੁਲਾਕਾਤ ਵੀ ਕੀਤੀ ਸੀ।
ਹਾਲਾਂਕਿ ਯੂ.ਕੇ. ਸਰਕਾਰ ਅਤੇ ਰਾਜਸ਼ਾਹੀ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੀ ਸ਼ਾਹੀ ਭੂਮਿਕਾ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਹੈਰੀ ਪਹਿਲਾਂ ਵੀ ਯੂ.ਕੇ. ਵਿਚ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦੇ ਰਹੇ ਹਨ। ਇਸ ਵਾਪਸੀ ਨੂੰ ਸ਼ਾਹੀ ਪਰਿਵਾਰ ਨਾਲ ਉਨ੍ਹਾਂ ਦੇ ਰਿਸ਼ਤੇ ਸੁਧਾਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।