#AMERICA

50 ਸਾਲਾਂ ਬਾਅਦ ਨਾਸਾ ਵੱਲੋਂ ਚਾਰ ਪੁਲਾੜ ਯਾਤਰੀ ‘ਚੰਨ ਮਿਸ਼ਨ’ ‘ਤੇ ਭੇਜਣ ਦਾ ਐਲਾਨ

ਪਹਿਲੀ ਵਾਰ ਕੋਈ ਮਹਿਲਾ ਲਗਾਏਗੀ ਚੰਨ ਦਾ ਚੱਕਰ
ਫਲੋਰੀਡਾ, 4 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੋਮਵਾਰ ਨੂੰ ਆਪਣੇ ਚੰਨ ਮਿਸ਼ਨ ਦਾ ਐਲਾਨ ਕੀਤਾ। 50 ਸਾਲਾਂ ਬਾਅਦ ਨਾਸਾ ਵੱਲੋਂ ਚਾਰ ਪੁਲਾੜ ਯਾਤਰੀਆਂ ਨੂੰ ਚੰਨ ‘ਤੇ ਭੇਜਿਆ ਜਾਵੇਗਾ। ਕ੍ਰਿਸਟੀਨਾ ਕੋਚ ਚੰਨ ‘ਤੇ ਜਾਣ ਵਾਲੇ ਚਾਰ ਪੁਲਾੜ ਯਾਤਰੀਆਂ ਵਿਚੋਂ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਜਾਵੇਗੀ, ਜਿਸ ਨੂੰ ਮਿਸ਼ਨ ‘ਤੇ ਨਿਯੁਕਤ ਕੀਤਾ ਗਿਆ ਹੈ। ਜਦਕਿ ਵਿਕਟਰ ਗਲੋਵਰ ਪਹਿਲੇ ਗੈਰ ਗੋਰੇ ਪੁਲਾੜ ਯਾਤਰੀ ਹੋਣਗੇ। ਨਾਸਾ ਦਾ ਇਹ ਮਿਸ਼ਨ 2024 ਦੇ ਅਖੀਰ ਜਾਂ 2025 ਦੇ ਸ਼ੁਰੂ ਵਿਚ ਲਾਂਚ ਕੀਤਾ ਜਾਵੇਗਾ। ਉਹ ਪੁਲਾੜ ਯਾਤਰੀ ਰੀਡ ਵਿਜ਼ਮੈਨ ਅਤੇ ਜੇਰੇਮੀ ਹੈਨਸਨ ਦੇ ਨਾਲ ਰਵਾਨਾ ਹੋਣਗੇ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਪੁਲਾੜ ਯਾਤਰੀ ਚੰਨ ‘ਤੇ ਨਹੀਂ ਉਤਰਨਗੇ ਪਰ ਇਹ ਮਿਸ਼ਨ ਆਉਣ ਵਾਲੇ ਪੁਲਾੜ ਯਾਤਰੀਆਂ ਲਈ ਲੈਂਡਿੰਗ ਦਾ ਰਸਤਾ ਆਸਾਨ ਬਣਾ ਦੇਵੇਗਾ। ਨਾਸਾ ਨੇ ਹਿਊਸਟਨ, ਟੈਕਸਾਸ ਵਿਚ ਇੱਕ ਸਮਾਰੋਹ ਦੌਰਾਨ ਚਾਰ ਪੁਲਾੜ ਯਾਤਰੀਆਂ ਦਾ ਖੁਲਾਸਾ ਕੀਤਾ। ਇਨ੍ਹਾਂ ਪੁਲਾੜ ਯਾਤਰੀਆਂ ਵਿਚੋਂ ਤਿੰਨ ਅਮਰੀਕੀ ਨਾਗਰਿਕ ਹਨ ਅਤੇ ਇੱਕ ਕੈਨੇਡਾ ਦਾ ਹੈ। ਇਹ ਪੁਲਾੜ ਯਾਤਰੀ ਹੁਣ ਆਪਣੇ ਆਪ ਨੂੰ ਮਿਸ਼ਨ ਲਈ ਤਿਆਰ ਕਰਨ ਲਈ ਸਖ਼ਤ ਸਿਖਲਾਈ ਸ਼ੁਰੂ ਕਰਨਗੇ। ਨਾਸਾ ਇੱਕ ਔਰਤ ਅਤੇ ਇੱਕ ਗੈਰ ਗੋਰੇ ਪੁਲਾੜ ਯਾਤਰੀ ਨੂੰ ਚੁਣਨ ਤੋਂ ਬਾਅਦ ਆਪਣੇ ਖੋਜ ਯਤਨਾਂ ਵਿਚ ਹੋਰ ਵਿਭਿੰਨਤਾ ਲਿਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਿਹਾ ਹੈ। ਹੁਣ ਤੱਕ ਨਾਸਾ ਅਤੇ ਹੋਰ ਏਜੰਸੀਆਂ ਤੋਂ ਗਏ ਸਾਰੇ ਪੁਲਾੜ ਯਾਤਰੀ ਗੋਰੇ ਸਨ।
ਚੰਨ ‘ਤੇ ਚੱਲਣ ਵਾਲੀ ਪਹਿਲੀ ਮਹਿਲਾ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ (44) ਇੱਕ ਇਲੈਕਟ੍ਰੀਕਲ ਇੰਜੀਨੀਅਰ ਹੈ। ਉਹ ਪੁਲਾੜ ਵਿਚ 328 ਦਿਨ ਰਹਿ ਚੁੱਕੀ ਹੈ ਅਤੇ ਕਿਸੇ ਔਰਤ ਦੁਆਰਾ ਇਹ ਪੁਲਾੜ ਵਿਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਦਾ ਰਿਕਾਰਡ ਹੈ। ਉਸਨੇ ਅਕਤੂਬਰ 2019 ਵਿਚ ਇੱਕ ਹੋਰ ਨਾਸਾ ਪੁਲਾੜ ਯਾਤਰੀ ਜੈਸਿਕਾ ਮੀਰ ਦੇ ਨਾਲ ਪਹਿਲੀ ਆਲ-ਫੀਮੇਲ ਸਪੇਸਵਾਕ ਵਿਚ ਹਿੱਸਾ ਲਿਆ। ਜੇਰੇਮੀ ਹੈਨਸਨ (47) ਕੈਨੇਡਾ ਦਾ ਰਹਿਣ ਵਾਲਾ ਹੈ। ਕੈਨੇਡੀਅਨ ਸਪੇਸ ਏਜੰਸੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਰਾਇਲ ਕੈਨੇਡੀਅਨ ਏਅਰ ਫੋਰਸ ਵਿਚ ਇੱਕ ਲੜਾਕੂ ਪਾਇਲਟ ਸੀ। ਇਹ ਉਸਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ।
ਨਾਸਾ ਦੇ ਇਸ ਮਿਸ਼ਨ ਵਿਚ ਸ਼ਾਮਲ 47 ਸਾਲਾ ਰੀਡ ਵਾਈਜ਼ਮੈਨ ਅਮਰੀਕੀ ਜਲ ਸੈਨਾ ਵਿਚ ਪਾਇਲਟ ਹਨ। ਉਸਨੇ ਕੁਝ ਸਮਾਂ ਨਾਸਾ ਦੇ ਪੁਲਾੜ ਯਾਤਰੀ ਦਫਤਰ ਦੇ ਮੁਖੀ ਵਜੋਂ ਵੀ ਕੰਮ ਕੀਤਾ। ਸਾਲ 2015 ‘ਚ ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਮਿਸ਼ਨ ‘ਤੇ ਗਿਆ ਸੀ। ਵਿਕਟਰ ਗਲੋਵਰ (46) ਯੂ.ਐੱਸ. ਨੇਵੀ ਵਿਚ ਵੀ ਹਨ ਅਤੇ ਇੱਕ ਟਰੇਨੀ ਪਾਇਲਟ ਦੇ ਤੌਰ ‘ਤੇ ਹਨ। ਸਾਲ 2013 ਵਿਚ ਉਹ ਨਾਸਾ ਵਿਚ ਸ਼ਾਮਲ ਹੋਏ ਅਤੇ 2020 ਵਿਚ ਆਪਣੀ ਪਹਿਲੀ ਪੁਲਾੜ ਉਡਾਣ ਭਰੀ। ਉਹ ਛੇ ਮਹੀਨਿਆਂ ਲਈ ਸਪੇਸ ਸਟੇਸ਼ਨ ‘ਤੇ ਰਹਿਣ ਵਾਲਾ ਪਹਿਲਾ ਅਫਰੀਕੀ ਅਮਰੀਕੀ ਸੀ।

Leave a comment