ਦਸੂਹਾ, 28 ਸਤੰਬਰ (ਪੰਜਾਬ ਮੇਲ)- ਰੋਜ਼ੀ-ਰੋਟੀ ਦੀ ਭਾਲ ਵਿਚ ਅਮਰੀਕਾ ਗਏ ਪੰਜਾਬੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆ ਦਾ ਰਹਿਣ ਵਾਲਾ ਸੀ। ਪਿੰਦਰ ਸਿੰਘ ਲਗਭਗ ਪਿਛਲੇ 18 ਸਾਲ ਤੋਂ ਇਟਲੀ ਵਿਖੇ ਕੰਮ ਕਰ ਰਿਹਾ ਸੀ ਅਤੇ ਲਗਭਗ 3 ਸਾਲ ਪਹਿਲੇ ਅਮਰੀਕਾ ਵਿਖੇ ਚਲਾ ਗਿਆ ਸੀ, ਜਿੱਥੇ ਉਸ ਦਾ ਤੇਜ ਹਥਿਆਰਾਂ ਨਾਲ ਕਤਲ ਕਰਨ ਕਰ ਦਿੱਤਾ ਗਿਆ। ਜਿਵੇਂ ਉਕਤ ਵਿਅਕਤੀ ਦੇ ਕਤਲ ਦੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਉਸ ਦੇ ਪਰਿਵਾਰ ਕੋਲੋਂ ਪੂਰੀ ਜਾਣਕਾਰੀ ਨਹੀਂ ਮਿਲ ਰਹੀ ਪਰ ਪ੍ਰਾਪਤ ਸੂਚਨਾ ਅਨੁਸਾਰ ਪਿੰਦਰ ਸਿੰਘ ਅਮਰੀਕਾ ਵਿਚ ਟਰੱਕ ਚਲਾਉਂਦਾ ਸੀ, ਤਾਂ ਉਸ ਰਸਤੇ ਵਿਚ ਜਾ ਰਹੇ ਇਕ ਹੋਰ ਟਰੱਕ ਡਰਾਈਵਰ ਨੇ ਵੇਖਿਆ ਕਿ ਉਸ ਦੀ ਗਰਦਨ ਅਤੇ ਹੋਰ ਸਰੀਰ ‘ਤੇ ਗੰਭੀਰ ਨਿਸ਼ਾਨ ਹਨ ਅਤੇ ਉਸ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਪਿੰਦਰ ਸਿੰਘ ਅਮਰੀਕਾ ਵਿਚ ਟਰੱਕ ਡਰਾਈਵਰ ਸੀ ਅਤੇ ਉਹ ਰਸਤੇ ਵਿਚ ਕਿਸੇ ਇੰਤਜ਼ਾਰ ਕਰ ਰਿਹਾ ਸੀ ਕਿ ਇਸੇ ਦੌਰਾਨ ਕਿਸੇ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਪਿੰਡ ਬਹਿਬੋਵਾਲ ਛੰਨੀਆ ਵਿਖੇ ਸੋਗ ਦੀ ਲਹਿਰ ਫੈਲ ਗਈ, ਜਦਕਿ ਬਾਕੀ ਵੇਰਵਿਆਂ ਦੀ ਉਡੀਕ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ।