– ਰਿਪਬਲਿਕ ਨਾਮਜ਼ਦਗੀ ਲਈ ਟਰੰਪ ਨੂੰ ਚੁਣੌਤੀ ਦੇਵੇਗੀ ਨਿੱਕੀ ਹੇਲੀ
– ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਲੜ ਸਕਦੇ ਹਨ ਰਾਸ਼ਟਰਪਤੀ ਦੀ ਚੋਣ
– ਨਿੱਕੀ ਹੇਲੀ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ
ਚਾਰਲਸਟਨ, 15 ਫਰਵਰੀ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੀ ਸਫ਼ੀਰ ਨਿੱਕੀ ਹੇਲੀ (51) ਨੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ‘ਚ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਉਹ 2024 ਲਈ ਰਿਪਬਲਿਕ ਨਾਮਜ਼ਦਗੀ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਵੇਗੀ। ਉਧਰ ਭਾਰਤੀ-ਅਮਰੀਕੀ ਰਿਪਬਲਿਕਨ ਅਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਵੀ ਮੈਦਾਨ ‘ਚ ਉਤਰਨ ਦੀ ਤਿਆਰੀ ਕਰ ਰਹੇ ਹਨ। ਜੇਕਰ ਵਿਵੇਕ ਰਾਮਾਸਵਾਮੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹਨ, ਤਾਂ ਭਾਰਤੀ ਮੂਲ ਦੇ ਦੋ ਲੋਕ ਇਸ ਦੌੜ ਵਿਚ ਸ਼ਾਮਲ ਹੋਣਗੇ।
ਕਰੀਬ ਦੋ ਸਾਲ ਪਹਿਲਾਂ ਨਿੱਕੀ ਹੇਲੀ ਨੇ ਕਿਹਾ ਸੀ ਕਿ ਉਹ ਵ੍ਹਾਈਟ ਹਾਊਸ ਦੀ ਦੌੜ ਲਈ ਆਪਣੇ ਸਾਬਕਾ ਬੌਸ ਟਰੰਪ ਨੂੰ ਚੁਣੌਤੀ ਨਹੀਂ ਦੇਵੇਗੀ। ਪਰ ਪਿਛਲੇ ਕੁਝ ਮਹੀਨਿਆਂ ‘ਚ ਉਸ ਨੇ ਆਪਣੀ ਯੋਜਨਾ ਬਦਲ ਲਈ ਹੈ। ਉਸ ਨੇ ਕਿਹਾ ਕਿ ਉਹ ਦੇਸ਼ ਦੀ ਮਾੜੀ ਆਰਥਿਕਤਾ ਅਤੇ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਕਰੇਗੀ। ਨਿੱਕੀ ਹੇਲੀ ਪਹਿਲੀ ਰਿਪਬਲਿਕਨ ਬਣ ਗਈ ਹੈ, ਜੋ ਆਉਂਦੇ ਮਹੀਨਿਆਂ ‘ਚ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰੇਗੀ।
ਵਿਵੇਕ ਰਾਮਾਸਵਾਮੀ (37) ਇੱਕ ਕਰੋੜਪਤੀ ਕਾਰੋਬਾਰੀ ਹਨ ਅਤੇ ਮੌਜੂਦਾ ਸਮੇਂ ਵਿਚ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦੀਆਂ ਆਪਣੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੇ ਹਨ। ਅਮਰੀਕੀ ਸੂਬੇ ਆਇਓਵਾ ਵਿਚ ਉਹ ਇਸ ਸਬੰਧੀ ਕਈ ਪ੍ਰੋਗਰਾਮ ਆਯੋਜਿਤ ਕਰਨਗੇ। ਰਾਮਾਸਵਾਮੀ ਨੇ ਕਿਹਾ ਕਿ ਉਹ ਇਸ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ। ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਵਿਚਾਰ ਆਧਾਰਿਤ ਮੁਹਿੰਮ ਸ਼ੁਰੂ ਕਰਨ ‘ਤੇ ਧਿਆਨ ਦੇ ਰਹੇ ਹਨ।