#AMERICA

2.73 ਲੱਖ ਤੋਂ ਵੱਧ ਐੱਚ-1ਬੀ ਰਿਨਿਊਅਲ ਅਰਜ਼ੀਆਂ ਨੂੰ ਮਿਲੀ ਹਰੀ ਝੰਡੀ!

ਵਾਸ਼ਿੰਗਟਨ, 8 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਮੌਜੂਦਾ ਵਿੱਤੀ ਸਾਲ ਵਿਚ ਵੀਜ਼ਾ ਰੀਨਿਊਅਲ (ਨਵੀਨੀਕਰਨ) ਦੇ ਮਾਮਲਿਆਂ ਵਿਚ ਇਤਿਹਾਸਕ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਵਿੱਤੀ ਸਾਲ 2026 ਦੌਰਾਨ ਅਮਰੀਕਾ ਵਿਚ ਹੁਨਰਮੰਦ ਵਿਦੇਸ਼ੀ ਕਾਮਿਆਂ ਦੇ ਵੀਜ਼ਾ ਰੀਨਿਊਅਲ ਦੀ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਣ ਦੀ ਉਮੀਦ ਹੈ।
ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਅਕਤੂਬਰ 2025 ਤੋਂ ਸ਼ੁਰੂ ਹੋਏ ਵਿੱਤੀ ਸਾਲ 2026 ਦੇ ਪਹਿਲੇ ਨੌਂ ਮਹੀਨਿਆਂ ਵਿਚ ਹੀ 2,73,026 ਅਰਜ਼ੀਆਂ ਨੂੰ ‘ਕੰਟੀਨਿਊਇੰਗ ਇੰਪਲਾਇਮੈਂਟ’ (ਜਾਰੀ ਰੁਜ਼ਗਾਰ) ਤਹਿਤ ਪ੍ਰਵਾਨਗੀ ਦਿੱਤੀ ਗਈ ਹੈ। ਇਹ ਅੰਕੜਾ ਵਿੱਤੀ ਸਾਲ 2025 ਦੀ ਕੁੱਲ ਗਿਣਤੀ 2,91,542 ਦੇ ਬਹੁਤ ਕਰੀਬ ਹੈ, ਜਦਕਿ ਮੌਜੂਦਾ ਸਾਲ ਦੇ ਅਜੇ ਤਿੰਨ ਮਹੀਨੇ ਬਾਕੀ ਹਨ।
ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਸਿਸਟਮ ਨੂੰ ਸਖ਼ਤ ਬਣਾਉਣ ਲਈ ਕਈ ਕਦਮ ਚੁੱਕੇ ਹਨ। ਸਰਕਾਰ ਨੇ ਅਮਰੀਕਾ ਤੋਂ ਬਾਹਰੋਂ ਅਪਲਾਈ ਕਰਨ ਵਾਲੇ ਕਾਮਿਆਂ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ, ਪਰ ਜੂਨ ਵਿਚ ਇੱਕ ਫੈਡਰਲ ਜੱਜ ਨੇ ਇਸ ਫੈਸਲੇ ‘ਤੇ ਰੋਕ ਲਗਾ ਕੇ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਸੀ। ਇਸ ਤੋਂ ਇਲਾਵਾ ਸਰਕਾਰ ਲਾਟਰੀ ਸਿਸਟਮ ਨੂੰ ਖ਼ਤਮ ਕਰਕੇ ਵੱਧ ਤਨਖਾਹ ਵਾਲੇ ਬਿਨੈਕਾਰਾਂ ਨੂੰ ਪਹਿਲ ਦੇਣ ਦੀ ਨੀਤੀ ‘ਤੇ ਵੀ ਕੰਮ ਕਰ ਰਹੀ ਹੈ।
ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਿਕਾਰਡ ਅੰਕੜੇ ਨਵੇਂ ਕਾਮਿਆਂ ਦੇ ਨਹੀਂ, ਸਗੋਂ ਉਨ੍ਹਾਂ ਲੋਕਾਂ ਦੇ ਹਨ, ਜੋ ਪਹਿਲਾਂ ਹੀ ਅਮਰੀਕਾ ਵਿਚ ਮੌਜੂਦ ਹਨ। ਇਸ ਸ਼੍ਰੇਣੀ ਵਿਚ ਵੀਜ਼ਾ ਦੀ ਮਿਆਦ ਵਧਾਉਣਾ), ਨੌਕਰੀ ਬਦਲਣਾ ਅਤੇ ਸਟੇਟਸ ਵਿਚ ਹੋਰ ਸੋਧਾਂ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਜਿੱਥੇ ਨਵੇਂ ਐੱਚ-1ਬੀ ਵੀਜ਼ਿਆਂ ਲਈ 85,000 ਦੀ ਸਾਲਾਨਾ ਸੀਮਾ ਹੁੰਦੀ ਹੈ, ਉੱਥੇ ਰੀਨਿਊਅਲ ਅਰਜ਼ੀਆਂ ‘ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਕੁਝ ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਇਨ੍ਹਾਂ ਅੰਕੜਿਆਂ ਨੂੰ ਸਾਵਧਾਨੀ ਨਾਲ ਪੜ੍ਹਨ ਦੀ ਲੋੜ ਹੈ। ਇਹ ਅੰਕੜੇ ਮਨਜ਼ੂਰਸ਼ੁਦਾ ਅਰਜ਼ੀਆਂ ਦੇ ਹਨ, ਨਾ ਕਿ ਨਵੇਂ ਵੀਜ਼ਾ ਧਾਰਕਾਂ ਦੇ।
ਗੌਰਤਲਬ ਹੈ ਕਿ ਐੱਚ-1ਬੀ ਵੀਜ਼ਾ ਪ੍ਰੋਗਰਾਮ ਭਾਰਤੀ ਤਕਨੀਕੀ ਮਾਹਿਰਾਂ ਵਿਚ ਬਹੁਤ ਮਸ਼ਹੂਰ ਹੈ। ਇਹ ਅਮਰੀਕੀ ਕੰਪਨੀਆਂ ਨੂੰ ਟੈਕਨਾਲੋਜੀ, ਸਿਹਤ ਸੰਭਾਲ, ਇੰਜੀਨੀਅਰਿੰਗ ਅਤੇ ਵਿਗਿਆਨਕ ਖੋਜ ਵਰਗੇ ਖੇਤਰਾਂ ਵਿਚ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਯੂ.ਐੱਸ. ਟੈਕ ਵਰਕਰਜ਼ ਦੇ ਸੰਸਥਾਪਕ ਕੇਵਿਨ ਲਿਨ ਅਨੁਸਾਰ ਭਾਵੇਂ ਜਨਤਾ 85,000 ਦੀ ਸੀਮਾ ਬਾਰੇ ਸੁਣਦੀ ਹੈ, ਪਰ ਅਸਲ ਵਿਚ ਕੰਮ ਕਰ ਰਹੇ ਐੱਚ-1ਬੀ ਕਾਮਿਆਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਲੇਬਰ ਮਾਰਕੀਟ ਵਿਚ ਐੱਚ-1ਬੀ ਕਾਮਿਆਂ ਦੀ ਮੰਗ ਅਜੇ ਵੀ ਬਰਕਰਾਰ ਹੈ ਅਤੇ ਪ੍ਰਣਾਲੀ ਦਾ ਵੱਡਾ ਹਿੱਸਾ ਸਾਲਾਨਾ ਸੀਮਾ ਤੋਂ ਬਾਹਰ ਕੰਮ ਕਰ ਰਿਹਾ ਹੈ।