#EUROPE

ਵੈਨੇਜ਼ੁਏਲਾ ਭੂਚਾਲ ‘ਚ ਮ੍ਰਿਤਕਾਂ ਦੀ ਗਿਣਤੀ 3,500 ਤੋਂ ਪਾਰ

ਕਾਰਾਕਸ, 8 ਜੁਲਾਈ (ਪੰਜਾਬ ਮੇਲ)- ਵੈਨੇਜ਼ੁਏਲਾ ਦੇ ਦੋਹਰੇ ਭੂਚਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 3,535 ਹੋ ਗਈ ਹੈ, ਜਦੋਂਕਿ 16,700 ਲੋਕ ਜ਼ਖਮੀ ਹੋਏ ਹਨ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜੋਰਜ ਰੌਡਰਿਗਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰੋਡਰਿਗਜ਼ ਨੇ ਕਿਹਾ ਕਿ ਬਚਾਏ ਗਏ ਲੋਕਾਂ ਦੀ ਗਿਣਤੀ 6,462 ਹੈ।
ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇੱਕ ਅਧਿਕਾਰਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ 17,345 ਲੋਕ ਬੇਘਰ ਵੀ ਹੋ ਗਏ ਹਨ। ਜਾਣਕਾਰੀ ਅਨੁਸਾਰ 24 ਜੂਨ ਨੂੰ 7.2 ਅਤੇ 7.5 ਤੀਬਰਤਾ ਵਾਲੇ ਭੂਚਾਲਾਂ ਤੋਂ ਬਾਅਦ ਵੈਨੇਜ਼ੁਏਲਾ ਵਿਚ 995 ਝਟਕੇ ਦਰਜ ਕੀਤੇ ਗਏ ਹਨ। ਅਧਿਕਾਰੀਆਂ ਨੇ ਵਿਸਥਾਪਿਤ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ 80 ਅਸਥਾਈ ਕੈਂਪ ਵੀ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ 29,567 ਬਚਾਅ ਕਰਮਚਾਰੀ ਬਚੇ ਹੋਏ ਲੋਕਾਂ ਦੀ ਭਾਲ ਲਈ ਤਾਇਨਾਤ ਹਨ, ਜਿਨ੍ਹਾਂ ਵਿਚ ਵਿਦੇਸ਼ਾਂ ਤੋਂ 3,281 ਕਰਮਚਾਰੀ ਸ਼ਾਮਲ ਹਨ।
ਇਸ ਦੌਰਾਨ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੇ ਪਹਿਲਾਂ 24 ਜੂਨ ਨੂੰ ਦੇਸ਼ ਵਿਚ ਆਏ ਸ਼ਕਤੀਸ਼ਾਲੀ ਭੂਚਾਲਾਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਵਿਦੇਸ਼ ਮੰਤਰਾਲੇ  ਦੁਆਰਾ ਐਕਸ ‘ਤੇ ਸਾਂਝੇ ਕੀਤੇ ਗਏ ਵੀਡੀਓਜ਼ ਵਿਚ ਲੋਕ ਭਾਰਤੀ ਮੈਡੀਕਲ ਟੀਮ ਦੀ ਪ੍ਰਸ਼ੰਸਾ ਕਰਦੇ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਦਿਖਾਈ ਦੇਖੇ ਜਾ ਸਕਦੇ ਹਨ। ਭਾਰਤ ਨੇ ਵਿਨਾਸ਼ਕਾਰੀ ਦੋਹਰੇ ਭੂਚਾਲਾਂ ਤੋਂ ਬਾਅਦ ਵੈਨੇਜ਼ੁਏਲਾ ਦਾ ਸਮਰਥਨ ਕਰਨ ਲਈ ‘ਆਪ੍ਰੇਸ਼ਨ ਐਮਿਸਟੈਡ’ ਸ਼ੁਰੂ ਕੀਤਾ, ਜਿਸ ਵਿਚ ਕਈ ਜਾਨਾਂ ਗਈਆਂ ਅਤੇ ਦੇਸ਼ ਭਰ ਵਿਚ ਵਿਆਪਕ ਤਬਾਹੀ ਹੋਈ।