ਬੇਕਰਜ਼ਫੀਲਡ, 30 ਮਈ (ਪੰਜਾਬ ਮੇਲ)- ਕੈਲੀਫੋਰਨੀਆ ‘ਚ 1 ਜੂਨ ਤੋਂ ਕੈਲਫ੍ਰੈਸ਼ (CalFresh) ਪ੍ਰੋਗਰਾਮ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਸ ਨਾਲ ਖੁਰਾਕ ਸਹਾਇਤਾ ਪ੍ਰਾਪਤ ਕਰਨ ਵਾਲੇ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ। ਨਵੇਂ ਨਿਯਮਾਂ ਤਹਿਤ 19 ਤੋਂ 64 ਸਾਲ ਦੀ ਉਮਰ ਦੇ ਤੰਦਰੁਸਤ ਬਾਲਗਾਂ ਲਈ ਕੈਲਫ੍ਰੈਸ਼ ਲਾਭ ਜਾਰੀ ਰੱਖਣ ਵਾਸਤੇ ਹਰ ਹਫ਼ਤੇ ਘੱਟੋ-ਘੱਟ 20 ਘੰਟੇ ਜਾਂ ਮਹੀਨੇ ਵਿਚ 80 ਘੰਟੇ ਕੰਮ, ਨੌਕਰੀ ਦੀ ਟ੍ਰੇਨਿੰਗ ਜਾਂ ਵਲੰਟੀਅਰ ਸੇਵਾ ਕਰਨੀ ਲਾਜ਼ਮੀ ਹੋਵੇਗੀ।
ਇਹ ਬਦਲਾਅ ਫੈਡਰਲ ਕਾਨੂੰਨ ”ਬਿਗ ਬਿਊਟੀਫੁਲ ਬਿੱਲ” ਦੇ ਤਹਿਤ ਲਿਆਂਦੇ ਜਾ ਰਹੇ ਹਨ। ਸਮਾਜਿਕ ਸੇਵਾ ਸੰਸਥਾਵਾਂ ਦਾ ਕਹਿਣਾ ਹੈ ਕਿ ਸਿਰਫ਼ ਕਰਨ ਕਾਊਂਟੀ ਵਿਚ ਹੀ ਕਰੀਬ 30,000 ਲੋਕ ਇਨ੍ਹਾਂ ਨਵੇਂ ਨਿਯਮਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ।
ਬੇਕਰਜ਼ਫੀਲਡ ਦੀ ਰਹਿਣ ਵਾਲੀ ਗੈਬਰੀਏਲ ਡੋ, ਜੋ ਲੰਬੇ ਸਮੇਂ ਤੋਂ ਸਿਹਤ ਸਮੱਸਿਆਵਾਂ ਕਾਰਨ ਕੈਲਫ੍ਰੈਸ਼ ਸਹਾਇਤਾ ‘ਤੇ ਨਿਰਭਰ ਹੈ, ਨੇ ਕਿਹਾ ਕਿ ਨਵੇਂ ਨਿਯਮ ਪਹਿਲਾਂ ਹੀ ਸੰਘਰਸ਼ ਕਰ ਰਹੇ ਲੋਕਾਂ ਲਈ ਵਧੇਰੇ ਮੁਸ਼ਕਲਾਂ ਪੈਦਾ ਕਰਨਗੇ। ਉਸ ਨੇ ਦੱਸਿਆ ਕਿ ਸਿਹਤ ਕਾਰਨਾਂ ਕਰਕੇ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ ਸੀ ਅਤੇ ਮੌਜੂਦਾ ਰੁਜ਼ਗਾਰ ਬਾਜ਼ਾਰ ‘ਚ ਨੌਕਰੀ ਲੱਭਣਾ ਵੀ ਆਸਾਨ ਨਹੀਂ ਹੈ।
ਕਮਿਊਨਿਟੀ ਐਕਸ਼ਨ ਪਾਰਟਨਰਸ਼ਿਪ ਆਫ਼ ਕਰਨ ਦੀ ਪ੍ਰਤੀਨਿਧੀ ਕੈਲੀ ਲੋਵਰੀ ਨੇ ਚੇਤਾਵਨੀ ਦਿੱਤੀ ਕਿ ਨਵੇਂ ਕੰਮ ਸੰਬੰਧੀ ਨਿਯਮਾਂ ਕਾਰਨ ਕੈਲਫ੍ਰੈਸ਼ ਪ੍ਰਾਪਤ ਕਰਨ ਵਾਲਿਆਂ ਦੀ ਵੱਡੀ ਗਿਣਤੀ ਲਾਭਾਂ ਤੋਂ ਵਾਂਝੀ ਹੋ ਸਕਦੀ ਹੈ। ਉਸ ਮੁਤਾਬਕ ਇਸ ਦਾ ਸਿੱਧਾ ਅਸਰ ਸਥਾਨਕ ਫੂਡ ਬੈਂਕਾਂ ਅਤੇ ਚੈਰਿਟੀ ਸੰਸਥਾਵਾਂ ‘ਤੇ ਪਵੇਗਾ, ਜਿਨ੍ਹਾਂ ਨੂੰ ਪਹਿਲਾਂ ਹੀ ਵਧਦੀ ਮੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਥਿਤੀ ਨਾਲ ਨਜਿੱਠਣ ਲਈ ਕਮਿਊਨਿਟੀ ਐਕਸ਼ਨ ਪਾਰਟਨਰਸ਼ਿਪ, ਯੂਨਾਈਟਡ ਵੇਅ ਅਤੇ ਕਰਨ ਕਾਊਂਟੀ ਡਿਪਾਰਟਮੈਂਟ ਆਫ਼ ਹਿਊਮਨ ਸਰਵਿਸਿਜ਼ ਨੇ ਇੱਕ ਸਾਂਝਾ ਵਲੰਟੀਅਰ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਲੋਕਾਂ ਨੂੰ ਉਨ੍ਹਾਂ ਸੰਸਥਾਵਾਂ ਨਾਲ ਜੋੜਿਆ ਜਾਵੇਗਾ, ਜਿੱਥੇ ਵਲੰਟੀਅਰ ਸੇਵਾ ਦੇ ਘੰਟੇ ਕੈਲਫ੍ਰੈਸ਼ ਯੋਗਤਾ ਲਈ ਗਿਣੇ ਜਾਣਗੇ।
ਸਮਾਜਿਕ ਆਗੂਆਂ ਦਾ ਕਹਿਣਾ ਹੈ ਕਿ 100 ਤੋਂ ਵੱਧ ਸਥਾਨਕ ਸੰਸਥਾਵਾਂ ਇਸ ਪਹਿਲ ਨਾਲ ਜੁੜ ਚੁੱਕੀਆਂ ਹਨ, ਪਰ ਵਧਦੀ ਲੋੜ ਨੂੰ ਦੇਖਦਿਆਂ ਹੋਰ ਸਹਿਯੋਗ ਦੀ ਲੋੜ ਹੈ।
ਨਵੇਂ ਨਿਯਮਾਂ ਨੂੰ ਲੈ ਕੇ ਕਈ ਭਾਈਚਾਰਕ ਸੰਸਥਾਵਾਂ ਚਿੰਤਾ ਜਤਾ ਰਹੀਆਂ ਹਨ ਕਿ ਇਹ ਬਦਲਾਅ ਘੱਟ ਆਮਦਨ ਵਾਲੇ ਪਰਿਵਾਰਾਂ, ਬੇਰੁਜ਼ਗਾਰਾਂ ਅਤੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਲਈ ਵਾਧੂ ਬੋਝ ਸਾਬਤ ਹੋ ਸਕਦੇ ਹਨ। ਉੱਥੇ ਹੀ ਸਰਕਾਰੀ ਏਜੰਸੀਆਂ ਲੋਕਾਂ ਨੂੰ ਅਪੀਲ ਕਰ ਰਹੀਆਂ ਹਨ ਕਿ ਉਹ ਆਪਣੀ ਯੋਗਤਾ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਲੋੜ ਪੈਣ ‘ਤੇ ਮਨਜ਼ੂਰਸ਼ੁਦਾ ਵਲੰਟੀਅਰ ਜਾਂ ਟ੍ਰੇਨਿੰਗ ਪ੍ਰੋਗਰਾਮਾਂ ‘ਚ ਸ਼ਾਮਲ ਹੋਣ।
1 ਜੂਨ ਤੋਂ ਕੈਲਫ੍ਰੈਸ਼ ਦੇ ਨਵੇਂ ਨਿਯਮ ਲਾਗੂ, ਹਜ਼ਾਰਾਂ ਕੈਲੀਫੋਰਨੀਆ ਵਾਸੀਆਂ ‘ਤੇ ਪੈ ਸਕਦਾ ਹੈ ਅਸਰ

