-ਪੰਜਾਬ ਤੋਂ ਸਭ ਤੋਂ ਵਧੇਰੇ ਆਗੂ ਆਮ ਆਦਮੀ ਪਾਰਟੀ ਤੋਂ ਹੋਏ ਵੱਖ
ਨਵੀਂ ਦਿੱਲੀ/ਜਲੰਧਰ, 25 ਅਪ੍ਰੈਲ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਪਾਰਟੀ ਦੇ ਦਿੱਗਜ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਆਪਣੇ ਸਾਥੀ ਸੰਸਦ ਮੈਂਬਰਾਂ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋ ਗਏ। ਚੱਢਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਸਮੇਤ ‘ਆਪ’ ਦੇ 7 ਸੰਸਦ ਮੈਂਬਰਾਂ ਨੇ ਪਾਰਟੀ ਛੱਡ ਦਿੱਤੀ ਹੈ, ਜਿਨ੍ਹਾਂ ਵਿਚੋਂ 6 ਸੰਸਦ ਮੈਂਬਰ ਪੰਜਾਬ ਨਾਲ ਸਬੰਧਤ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਠਨ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੋਇਆ ਸੀ, ਪਰ ਹੁਣ ਇਹ ਪਾਰਟੀ ਆਪਣੇ ਮੂਲ ਟੀਚੇ ਨੂੰ ਭੁੱਲ ਚੁੱਕੀ ਹੈ। ਉਨ੍ਹਾਂ ਦੇ ਨਾਲ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਤੋਂ ਇਲਾਵਾ ਹਰਭਜਨ ਸਿੰਘ, ਰਾਜਿੰਦਰ ਗੁਪਤਾ ਅਤੇ ਵਿਕਰਮਜੀਤ ਸਿੰਘ ਸਾਹਨੀ ਵਰਗੇ ਵੱਡੇ ਨਾਵਾਂ ਦੇ ਵੀ ਪਾਰਟੀ ਛੱਡਣ ਦੀ ਚਰਚਾ ਹੈ।
ਸਰੋਤਾਂ ਅਨੁਸਾਰ, 2012 ਵਿਚ ਪਾਰਟੀ ਦੇ ਗਠਨ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨਾਲ ਮਤਭੇਦਾਂ ਕਾਰਨ 35 ਵੱਡੇ ਚਿਹਰੇ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 20 ਆਗੂ ਪੰਜਾਬ ਦੇ ਹਨ। ਪਾਰਟੀ ਛੱਡਣ ਵਾਲੇ ਪ੍ਰਮੁੱਖ ਆਗੂਆਂ ਵਿਚ ਸੰਸਥਾਪਕ ਮੈਂਬਰ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ ਅਤੇ ਕੁਮਾਰ ਵਿਸ਼ਵਾਸ ਵਰਗੇ ਨਾਮ ਸ਼ਾਮਲ ਹਨ।
ਪੰਜਾਬ ਵਿਚ ‘ਆਪ’ ਨੂੰ ਪਹਿਲਾਂ ਵੀ ਕਈ ਵਾਰ ਅਜਿਹੇ ਝਟਕੇ ਲੱਗ ਚੁੱਕੇ ਹਨ। ਪਾਰਟੀ ਛੱਡਣ ਵਾਲੇ ਪੰਜਾਬ ਦੇ ਪ੍ਰਮੁੱਖ ਨੇਤਾਵਾਂ ਵਿਚ ਸੁੱਚਾ ਸਿੰਘ ਛੋਟੇਪੁਰ, ਐਡਵੋਕੇਟ ਐੱਚ.ਐੱਸ. ਫੂਲਕਾ, ਗੁਰਪ੍ਰੀਤ ਘੁੱਗੀ, ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਹਨ। ਜ਼ਿਆਦਾਤਰ ਆਗੂਆਂ ਨੇ ਪਾਰਟੀ ਦੇ ਅੰਦਰੂਨੀ ਲੋਕਤੰਤਰ ਦੀ ਕਮੀ ਅਤੇ ਟਿਕਟਾਂ ਦੀ ਵੰਡ ਵਿਚ ਬੇਨਿਯਮੀਆਂ ਦੇ ਦੋਸ਼ ਲਗਾਏ ਹਨ।
ਹਾਲ ਹੀ ਵਿਚ ਸਵਾਤੀ ਮਾਲੀਵਾਲ ਵੱਲੋਂ ਲਗਾਏ ਗਏ ਕੁੱਟਮਾਰ ਦੇ ਦੋਸ਼ਾਂ ਤੇ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਰਾਘਵ ਚੱਢਾ ਦੇ ਇਸ ਕਦਮ ਨਾਲ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿਚ ਨਵਾਂ ਭੂਚਾਲ ਆ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ‘ਆਪ’ ਲਈ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਹੁਣ ਤੱਕ 35 ਵੱਡੇ ਆਗੂਆਂ ਨੇ ‘ਆਪ’ ਤੋਂ ਕੀਤਾ ਕਿਨਾਰਾ!

