#SPORTS

ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ

ਨਿਊ ਜਰਸੀ, 20 ਜੁਲਾਈ (ਪੰਜਾਬ ਮੇਲ) –ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁਟਬਾਲ ਦਾ ਖਿਤਾਬ ਜਿੱਤ ਲਿਆ ਹੈ। ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਹੈ। ਸਪੇਨ ਨੇ ਇਸ ਤੋਂ ਪਹਿਲਾਂ ਸਾਲ 2010 ਵਿਚ ਵਿਸ਼ਵ ਕੱਪ ਜਿੱਤਿਆ ਸੀ।

ਦੋਵੇਂ ਟੀਮਾਂ ਦਰਮਿਆਨ ਸ਼ੁਰੂਆਤੀ 90 ਮਿੰਟ ਤਕ ਮੁਕਾਬਲਾ 0-0 ਨਾਲ ਬਰਾਬਰੀ ’ਤੇ ਰਿਹਾ। ਇਸ ਤੋਂ ਬਾਅਦ ਸਪੇਨ ਦੇ ਫੇਰਨ ਟੋਰੇਸ ਨੇ ਵਾਧੂ ਸਮੇਂ ਦੇ ਦੂਜੇ ਹਾਫ ਵਿਚ ਸ਼ਾਨਦਾਰ ਗੋਲ ਦਾਗ ਕੇ ਸਪੇਨ ਨੂੰ 1-0 ਦੀ ਲੀਡ ਦਿਵਾਈ। ਇਸ ਤੋਂ ਪਹਿਲਾਂ ਸਪੇਨ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਸਪੇਨ ਦੀ ਟੀਮ ਗੋਲ ਨਾ ਕਰ ਸਕੀ। ਦੂਜੇ ਪਾਸੇ ਅਰਜਨਟੀਨਾ ਨੂੰ ਇਸ ਮੈਚ ਵਿਚ ਗੋਲ ਕਰਨ ਦੇ ਬਹੁਤ ਘੱਟ ਮੌਕੇ ਮਿਲੇ।

ਇਸ ਤੋਂ ਪਹਿਲਾਂ ਅਰਜਨਟੀਨਾ ਦਾ ਖਿਡਾਰੀ ਏਂਜੋ ਫਰਨਾਡੇਜ਼ ਨੂੰ ਰੈਫਰੀ ਨੇ ਰੈਡ ਕਾਰਡ ਦਿੱਤਾ ਜਿਸ ਕਾਰਨ ਅਰਜਨਟੀਨਾ ਨੂੰ ਵਾਧੂ ਸਮੇਂ ਗਿਆਰਾਂ ਦੀ ਥਾਂ ਦਸ ਖਿਡਾਰੀਆਂ ਨੇ ਖੇਡਣਾ ਪਿਆ। ਇਸ ਮੈਚ ਵਿਚ ਪੂਰਾ ਸਮਾਂ ਸਪੇਨ ਦੀ ਟੀਮ ਅਰਜਨਟੀਨਾ ’ਤੇ ਭਾਰੂ ਰਹੀ ਤੇ ਅਰਜਨਟੀਨਾ ਦੇ ਸਟਾਰ ਖਿਡਾਰੀ ਮੈਸੀ ਨੂੰ ਗੋਲ ਕਰਨ ਦਾ ਇਕ ਵੀ ਮੌਕਾ ਨਹੀਂ ਦਿੱਤਾ ਗਿਆ।

ਸਿਤਾਰਿਆਂ ਦੀ ਮੌਜੂਦਗੀ ਅਤੇ ਰੰਗਾਰੰਗ ਸਮਾਪਤੀ ਸਮਾਰੋਹ

48 ਟੀਮਾਂ ਦੇ ਇਸ ਸਭ ਤੋਂ ਵੱਡੇ ਵਿਸ਼ਵ ਕੱਪ ਦਾ ਇਹ 104ਵਾਂ ਮੈਚ ਸੀ। ਇਸ ਇਤਿਹਾਸਕ ਮੈਚ ਨੂੰ ਦੇਖਣ ਲਈ ਟੌਮ ਕਰੂਜ਼, ਬ੍ਰੈਡ ਪਿਟ, ਜੈਨੀਫਰ ਹਡਸਨ, ਡੈਨੀਅਲ ਕ੍ਰੇਗ ਅਤੇ ਜੈਨੀਫਰ ਕੋਨੋਲੀ ਵਰਗੇ ਹਾਲੀਵੁੱਡ ਸਿਤਾਰੇ ਮੌਜੂਦ ਸਨ। ਇਸ ਦੇ ਨਾਲ ਹੀ ਕਾਕਾ, ਜ਼ਿਨੇਦੀਨ ਜ਼ਿਦਾਨ, ਡੇਵਿਡ ਬੈਕਹਮ, ਦਿਦਿਏਰ ਡ੍ਰੋਗਬਾ, ਰੋਨਾਲਡੋ ਅਤੇ ਰੋਨਾਲਡਿਨਹੋ ਵਰਗੇ ਦਿੱਗਜ ਸਾਬਕਾ ਫੁਟਬਾਲਰ ਵੀ ਦਰਸ਼ਕਾਂ ਵਿੱਚ ਸ਼ਾਮਲ ਸਨ। ਫਾਈਨਲ ਮੈਚ ਤੋਂ ਪਹਿਲਾਂ 90 ਮਿੰਟ ਦੇ ਸਮਾਪਤੀ ਸਮਾਰੋਹ ਵਿੱਚ ਜਸਟਿਨ ਬੀਬਰ, ਮੈਡੋਨਾ, ਸ਼ਕੀਰਾ ਅਤੇ ਬੀਟੀਐਸ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ।