#AMERICA

ਮਿਡਟਰਮ ਚੋਣਾਂ ‘ਚ ਹਾਰ ਪਿੱਛੋਂ ਟਰੰਪ ਵੱਲੋਂ ਵ੍ਹਾਈਟ ਹਾਊਸ ਦੇ ਪ੍ਰਸ਼ਾਸਨ ‘ਚ ਵੱਡਾ ਫੇਰਬਦਲ

-ਸੂਸੀ ਵਾਈਲਜ਼ ਦੀ ਥਾਂ ਸਟੀਫਨ ਮਿੱਲਰ ਨੂੰ ਨਵੇਂ ਚੀਫ ਆਫ਼ ਸਟਾਫ ਨਿਯੁਕਤ ਕਰਨ ਦਾ ਐਲਾਨ
ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਚ ਹੋਈਆਂ ਮਿਡਟਰਮ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕੀਤਾ ਹੈ। ਟਰੰਪ ਨੇ ਆਪਣੀ ਸਭ ਤੋਂ ਭਰੋਸੇਮੰਦ ਸਹਿਯੋਗੀ ਸੂਸੀ ਵਾਈਲਜ਼ ਨੂੰ ਚੀਫ਼ ਆਫ਼ ਸਟਾਫ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਸਟੀਫਨ ਮਿੱਲਰ ਨੂੰ ਨਵਾਂ ਚੀਫ਼ ਆਫ਼ ਸਟਾਫ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਵ੍ਹਾਈਟ ਹਾਊਸ ਵਿਚ ਫਿਲਹਾਲ ਡਿਪਟੀ ਚੀਫ਼ ਆਫ਼ ਸਟਾਫ ਵਜੋਂ ਸੇਵਾ ਨਿਭਾ ਰਹੇ ਸਟੀਫਨ ਮਿੱਲਰ 9 ਨਵੰਬਰ (ਸੋਮਵਾਰ) ਤੋਂ ਇਹ ਨਵੀਂ ਜ਼ਿੰਮੇਵਾਰੀ ਸੰਭਾਲਣਗੇ।
3 ਨਵੰਬਰ ਨੂੰ ਹੋਈਆਂ ਮਿਡਟਰਮ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ, ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਅਤੇ ਸੈਨੇਟ ‘ਤੇ ਰਿਪਬਲਿਕਨਾਂ ਦਾ ਕੰਟਰੋਲ ਖਤਮ ਕਰ ਦਿੱਤਾ ਹੈ। ਚੋਣਾਂ ਵਿਚ ਹੋਈ ਇਸ ਹਾਰ ਨਾਲ ਟਰੰਪ ਲਈ ਆਪਣੇ ਬਾਕੀ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਨੀਤੀਆਂ ਲਾਗੂ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਹੁਣ ਸੰਸਦੀ ਕਮੇਟੀਆਂ ਦੀ ਕਮਾਂਡ ਡੈਮੋਕ੍ਰੇਟਸ ਦੇ ਹੱਥਾਂ ਵਿਚ ਜਾਣ ਨਾਲ ਉਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਦੇ ਕੰਮਕਾਜ ਦੀ ਜਾਂਚ ਕਰਨ ਦਾ ਅਧਿਕਾਰ ਮਿਲੇਗਾ। ਵਿਸ਼ਲੇਸ਼ਕਾਂ ਅਨੁਸਾਰ ਮਹਿੰਗਾਈ, ਟੈਰਿਫ ਨਾਲ ਜੁੜੀਆਂ ਆਰਥਿਕ ਮੁਸ਼ਕਲਾਂ ਅਤੇ ਈਰਾਨ ਨਾਲ ਤਣਾਅ ਨੂੰ ਲੈ ਕੇ ਵੋਟਰਾਂ ਵਿਚ ਫੈਲੀ ਨਾਰਾਜ਼ਗੀ ਰਿਪਬਲਿਕਨਾਂ ਦੀ ਹਾਰ ਦਾ ਮੁੱਖ ਕਾਰਨ ਬਣੀ ਹੈ।
ਸੂਸੀ ਵਾਈਲਜ਼ ਨੇ ਟਰੰਪ ਦੀਆਂ 2016, 2020 ਅਤੇ 2024 ਦੀਆਂ ਚੋਣ ਮੁਹਿੰਮਾਂ ਵਿਚ ਅਹਿਮ ਭੂਮਿਕਾ ਨਿਭਾਈ ਸੀ। ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਉਹ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਬਣੀ ਸੀ। ਟਰੰਪ ਨੇ ਵਾਈਲਜ਼ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹੁਣ ਉਨ੍ਹਾਂ ਦੇ ਸਿਆਸੀ ਸੰਗਠਨ ਨਾਲ ਕੰਮ ਕਰਨਗੇ। ਦੂਜੇ ਪਾਸੇ, ਵਾਈਲਜ਼ ਨੇ ਵੀ ਵ੍ਹਾਈਟ ਹਾਊਸ ਵਿਚ ਕੰਮ ਕਰਨ ਨੂੰ ਆਪਣੇ ਜੀਵਨ ਦਾ ਵੱਡਾ ਸਨਮਾਨ ਦੱਸਿਆ ਹੈ।
ਸਟੀਫਨ ਮਿੱਲਰ ਲੰਮੇ ਸਮੇਂ ਤੋਂ ਡੋਨਾਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਰਹੇ ਹਨ, ਜੋ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਭਾਸ਼ਣ ਲੇਖਕ ਵਜੋਂ ਉਨ੍ਹਾਂ ਨਾਲ ਜੁੜੇ ਸਨ। ਮਿੱਲਰ ਅਮਰੀਕਾ ਦੀਆਂ ਸਖ਼ਤ ਇਮੀਗ੍ਰੇਸ਼ਨ (ਪ੍ਰਵਾਸ) ਅਤੇ ਸੀਮਾ ਸੁਰੱਖਿਆ ਨੀਤੀਆਂ ਨੂੰ ਤਿਆਰ ਕਰਨ ਲਈ ਜਾਣੇ ਜਾਂਦੇ ਹਨ। ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ ਦਾ ਅਹੁਦਾ ਰਾਸ਼ਟਰਪਤੀ ਦੇ ਰੋਜ਼ਾਨਾ ਦੇ ਕੰਮਕਾਜ ਅਤੇ ਪ੍ਰਸ਼ਾਸਨ ‘ਚ ਤਾਲਮੇਲ ਬਣਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।