#AMERICA

ਅਮਰੀਕਾ ‘ਚ ਭਾਰਤੀ ਵਿਦਿਆਰਥਣ ਹੋਈ ਲਾਪਤਾ!

ਬੋਸਟਨ, 7 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਖੇ ਬੋਸਟਨ ਵਿਚ ਰਰਿ ਰਹੀ ਇਕ ਭਾਰਤੀ ਵਿਦਿਆਰਥਣ ਲਾਪਤਾ ਹੋ ਗਈ ਹੈ। ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਕਨਗਲ ਮੰਡਲ ਸਥਿਤ ਸ਼ਬਦੁੱਲਾਪੁਰਮ ਪਿੰਡ ਦੀ ਰਹਿਣ ਵਾਲੀ 23 ਸਾਲਾ ਕੋਇਆ ਸ੍ਰੀਜਾ ਰੈੱਡੀ ਬੋਸਟਨ ਵਿਚ ਲਾਪਤਾ ਹੋ ਗਈ ਹੈ। ਉਹ ਯੂਨੀਵਰਸਿਟੀ ਆਫ ਮੈਸਾਚੁਸੇਟਸ ਬੋਸਟਨ ਤੋਂ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਹੈ। ਸ੍ਰੀਜਾ 2 ਨਵੰਬਰ ਦੀ ਰਾਤ ਆਪਣੇ ਘਰੋਂ ਨਿਕਲੀ ਅਤੇ ਵਾਪਸ ਨਹੀਂ ਪਰਤੀ। ਫਿਲਹਾਲ ਬੋਸਟਨ ਪੁਲਿਸ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਤੇਲੰਗਾਨਾ ਵਿਚ ਰਹਿ ਰਿਹਾ ਸ੍ਰੀਜਾ ਦਾ ਪਰਿਵਾਰ ਚਿੰਤਾ ਵਿਚ ਹੈ। ਸ੍ਰੀਜਾ ਦੇ ਮਾਪੇ ਕਿਸਾਨ ਹਨ। ਸ੍ਰੀਜਾ ਉਨ੍ਹਾਂ ਦੀ ਇਕਲੌਤੀ ਧੀ ਹੈ। ਪਰਿਵਾਰ ਮੁਤਾਬਕ ਸ੍ਰੀਜਾ 2 ਨਵੰਬਰ ਦੀ ਰਾਤ ਤੋਂ ਲਾਪਤਾ ਹੈ ਅਤੇ ਹੁਣ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰਿਵਾਰ ਨੂੰ ਉਮੀਦ ਹੈ ਕਿ ਪੁਲਿਸ ਜਲਦੀ ਹੀ ਸ੍ਰੀਜਾ ਬਾਰੇ ਪਤਾ ਲਗਾ ਲਵੇਗੀ।
ਦੂਜੇ ਪਾਸੇ ਬੋਸਟਨ ਪੁਲਿਸ ਨੇ 4 ਨਵੰਬਰ ਨੂੰ ਸ੍ਰੀਜਾ ਦੇ ਲਾਪਤਾ ਹੋਣ ਸਬੰਧੀ ਅਧਿਕਾਰਤ ਅਲਰਟ ਜਾਰੀ ਕੀਤਾ। ਪੁਲਿਸ ਉਸ ਦੀ ਭਾਲ ਲਈ ਸੰਭਾਵਿਤ ਇਲਾਕਿਆਂ ਤੋਂ ਜਾਣਕਾਰੀ ਜੁਟਾ ਰਹੀ ਹੈ। ਸ਼ੁਰੂਆਤੀ ਖਦਸ਼ੇ ਮੁਤਾਬਕ ਸ੍ਰੀਜਾ ਕਾਰਸਨ ਬੀਚ ਜਾਂ ਹਾਰਬਰ ਪੁਆਇੰਟ ਨੇੜੇ ਹੋ ਸਕਦੀ ਹੈ। ਪੁਲਿਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਸ੍ਰੀਜਾ ਬਾਰੇ ਕੋਈ ਵੀ ਜਾਣਕਾਰੀ ਮਿਲੇ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।
ਕੋਇਆ ਸ੍ਰੀਜਾ ਕਰੀਬ ਇਕ ਸਾਲ ਪਹਿਲਾਂ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਈ ਸੀ। ਅਮਰੀਕਾ ਵਿਚ ਉਹ ਕੁਝ ਤੇਲਗੂ ਵਿਦਿਆਰਥੀਆਂ ਨਾਲ ਰਹਿ ਰਹੀ ਸੀ। ਉਸ ਦੇ ਪਰਿਵਾਰ ਨੂੰ ਆਪਣੀ ਧੀ ਦੇ ਲਾਪਤਾ ਹੋਣ ਦੀ ਜਾਣਕਾਰੀ ਅਮਰੀਕਾ ਵਿਚ ਰਹਿ ਰਹੇ ਉਸ ਦੇ ਦੋਸਤਾਂ ਜ਼ਰੀਏ ਮਿਲੀ। ਹੁਣ ਤੱਕ ਕੋਈ ਜਾਣਕਾਰੀ ਨਾ ਮਿਲਣ ਕਾਰਨ ਪਰਿਵਾਰ ਉਸ ਦੀ ਸਲਾਮਤੀ ਨੂੰ ਲੈ ਕੇ ਚਿੰਤਤ ਹੈ।