#AMERICA

ਬੀ.ਬੀ.ਸੀ. ਮਾਣਹਾਨੀ ਮੁਕੱਦਮਾ : ਅਮਰੀਕੀ ਜੱਜ ਵੱਲੋਂ ਡੋਨਲਡ ਟਰੰਪ ਨੂੰ 11 ਦਸੰਬਰ ਤੱਕ ਪੇਸ਼ ਹੋਣ ਦਾ ਹੁਕਮ

ਮਿਆਮੀ, 24 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਇੱਕ ਫੈਡਰਲ ਜੱਜ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੂੰ 11 ਦਸੰਬਰ ਤੱਕ ਬੀ.ਬੀ.ਸੀ. ਵਿਰੁੱਧ ਆਪਣੇ 10 ਅਰਬ ਡਾਲਰ ਦੇ ਮਾਣਹਾਨੀ ਮੁਕੱਦਮੇ ਵਿਚ ਬਿਆਨ ਦੇਣ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਯੂ.ਐੱਸ. ਮੈਜਿਸਟਰੇਟ ਜੱਜ ਐਂਜੋਲਿਕ ਲੈੱਟ ਦਾ ਇਹ ਹੁਕਮ ਉਸ ਸਮੇਂ ਆਇਆ ਹੈ, ਜਦੋਂ ਬਰਤਾਨਵੀ ਬਰਾਡਕਾਸਟਰ ਦੇ ਵਕੀਲਾਂ ਨੇ ਸ਼ਿਕਾਇਤ ਕੀਤੀ ਕਿ ਟਰੰਪ ਨੇ ਆਪਣੇ ਹੀ ਮੁਕੱਦਮੇ ਵਿਚ ਪੇਸ਼ ਹੋਣ ‘ਚ ਦੇਰ ਕੀਤੀ ਹੈ। ਬੀ.ਬੀ.ਸੀ. ਦੇ ਵਕੀਲ ਚਾਰਲਸ ਟੋਬਿਨ ਨੇ ਕਿਹਾ, ”ਸਬੂਤ ਇਕੱਠੇ ਕਰਨ ਦੀ ਮਿਆਦ ਵਿਚ ਦੋ ਮਹੀਨੇ ਬਾਕੀ ਰਹਿਣ ਦੇ ਬਾਵਜੂਦ ਅਸੀਂ ਅਜੇ ਤੱਕ ਪਟੀਸ਼ਨਰ ਦੇ ਬਿਆਨ ਨਹੀਂ ਕਰਵਾ ਸਕੇ।” ਇਸ ਦੌਰਾਨ, ਇਹ ਅਨਿਸ਼ਚਿਤ ਰਿਹਾ ਕਿ ਕੀ ਸਾਬਕਾ ਵਿਸ਼ੇਸ਼ ਵਕੀਲ ਜੈਕ ਸਮਿਥ ਨੂੰ ਬਿਆਨਾਂ ਲਈ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਫੈਡਰਲ ਨੇਮਾਂ ਅਨੁਸਾਰ ਮੌਜੂਦਾ ਅਤੇ ਸਾਬਕਾ ਮੁਲਾਜ਼ਮਾਂ ਨੂੰ ਅਦਾਲਤੀ ਕੇਸਾਂ ਵਿਚ ਗਵਾਹੀ ਦੇਣ ਤੋਂ ਪਹਿਲਾਂ ਏਜੰਸੀ ਦੇ ਮੁਖੀਆਂ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਸਮਿਥ ਨੇ ਇਜਾਜ਼ਤ ਲਈ ਬੇਨਤੀ ਕੀਤੀ ਹੈ ਪਰ ਕੋਈ ਜਵਾਬ ਨਹੀਂ ਮਿਲਿਆ ਅਤੇ ਜੱਜ ਨੇ ਫ਼ੈਸਲਾ ਸੁਣਾਇਆ ਕਿ ਵਿਭਾਗ ਨੂੰ 2 ਨਵੰਬਰ ਤੱਕ ਜਵਾਬ ਦੇਣਾ ਚਾਹੀਦਾ ਹੈ।