-10 ਬਿਲੀਅਨ ਡਾਲਰ ਦਾ ਮਾਣਹਾਨੀ ਕੇਸ ਕੀਤਾ ਖਾਰਜ
ਵਾਸ਼ਿੰਗਟਨ, 14 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫਲੋਰੀਡਾ ਦੀ ਇੱਕ ਸੰਘੀ ਅਦਾਲਤ ਤੋਂ ਉਸ ਸਮੇਂ ਵੱਡਾ ਕਾਨੂੰਨੀ ਝਟਕਾ ਲੱਗਾ, ਜਦੋਂ ਜੱਜ ਨੇ ਦੁਨੀਆਂ ਦੇ ਨਾਮਵਰ ਅਖ਼ਬਾਰ ‘ਵਾਲ ਸਟਰੀਟ ਜਰਨਲ’ (ਡਬਲਯੂ.ਐੱਸ.ਜੇ.) ਅਤੇ ਮੀਡੀਆ ਟਾਈਕੂਨ ਰੂਪਰਟ ਮਰਡੋਕ ਵਿਰੁੱਧ ਉਨ੍ਹਾਂ ਦੇ 10 ਬਿਲੀਅਨ ਡਾਲਰ ਦੇ ਮਾਣਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ। ਟਰੰਪ ਨੇ ਇਲਜ਼ਾਮ ਲਾਇਆ ਸੀ ਕਿ ਅਖ਼ਬਾਰ ਨੇ ਉਨ੍ਹਾਂ ਦੇ ਅਤੇ ਕੁਖਿਆਤ ਅਪਰਾਧੀ ਜੈਫਰੀ ਐਪਸਟੀਨ ਦੇ ਸਬੰਧਾਂ ਬਾਰੇ ਗਲਤ ਖਬਰਾਂ ਪ੍ਰਕਾਸ਼ਿਤ ਕੀਤੀਆਂ ਹਨ।
ਇਹ ਕਾਨੂੰਨੀ ਲੜਾਈ ਪਿਛਲੇ ਸਾਲ ਜੁਲਾਈ ਵਿਚ ਸ਼ੁਰੂ ਹੋਈ ਸੀ, ਜਦੋਂ ‘ਵਾਲ ਸਟਰੀਟ ਜਰਨਲ’ ਨੇ ਟਰੰਪ ਅਤੇ ਜੈਫਰੀ ਐਪਸਟੀਨ ਦੇ ਪੁਰਾਣੇ ਰਿਸ਼ਤਿਆਂ ‘ਤੇ ਇੱਕ ਖੋਜੀ ਰਿਪੋਰਟ ਛਾਪੀ ਸੀ। ਇਸ ਰਿਪੋਰਟ ਵਿਚ 2003 ਦੇ ਇੱਕ ਫੋਟੋ ਐਲਬਮ ਦਾ ਜ਼ਿਕਰ ਸੀ, ਜੋ ਐਪਸਟੀਨ ਦੇ 50ਵੇਂ ਜਨਮਦਿਨ ਲਈ ਤਿਆਰ ਕੀਤਾ ਗਿਆ ਸੀ। ਇਸ ਐਲਬਮ ਵਿਚ ਟਰੰਪ ਦੇ ਹਸਤਾਖਰ ਵਾਲਾ ਇੱਕ ਪੱਤਰ ਸ਼ਾਮਲ ਸੀ, ਜਿਸ ਦੀ ਭਾਸ਼ਾ ਨੂੰ ਅਖ਼ਬਾਰ ਨੇ ਜਿਨਸੀ ਤੌਰ ‘ਤੇ ਸੰਕੇਤਕ ਦੱਸਿਆ ਸੀ। ਟਰੰਪ ਨੇ ਇਸ ਨੂੰ ਆਪਣੀ ਅਕਸ ਖਰਾਬ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਅਤੇ ਮੀਡੀਆ ਅਦਾਰੇ ਵਿਰੁੱਧ ਭਾਰੀ ਜੁਰਮਾਨੇ ਦਾ ਦਾਅਵਾ ਠੋਕ ਦਿੱਤਾ।
ਫਲੋਰੀਡਾ ਦੇ ਡਿਸਟ੍ਰਿਕਟ ਜੱਜ ਡੈਰਿਨ ਪੀ. ਗੇਲਸ ਨੇ ਆਪਣੇ ਹੁਕਮਾਂ ਵਿਚ ਟਰੰਪ ਦੀਆਂ ਦਲੀਲਾਂ ਨੂੰ ਬੇਹੱਦ ਕਮਜ਼ੋਰ ਪਾਇਆ। ਜੱਜ ਨੇ ਸਪੱਸ਼ਟ ਕੀਤਾ ਕਿ ਟਰੰਪ ਇਹ ਸਾਬਤ ਕਰਨ ਵਿਚ ਅਸਫਲ ਰਹੇ ਕਿ ਅਖ਼ਬਾਰ ਨੇ ਇਹ ਲੇਖ ਕਿਸੇ ਬਦਨੀਤੀ ਨਾਲ ਛਾਪਿਆ ਸੀ। ਅਦਾਲਤ ਨੇ ਕਿਹਾ ਕਿ ਅਮਰੀਕੀ ਕਾਨੂੰਨ ਅਨੁਸਾਰ ਪ੍ਰੈੱਸ ਦੀ ਆਜ਼ਾਦੀ ਸਰਵਉੱਚ ਹੈ ਅਤੇ ਕਿਸੇ ਜਨਤਕ ਹਸਤੀ ਵਿਰੁੱਧ ਖਬਰ ਉਦੋਂ ਤੱਕ ਮਾਣਹਾਨੀ ਨਹੀਂ ਮੰਨੀ ਜਾਂਦੀ, ਜਦੋਂ ਤੱਕ ਇਹ ਸਾਬਤ ਨਾ ਹੋ ਜਾਵੇ ਕਿ ਪੱਤਰਕਾਰ ਨੇ ਜਾਣਬੁੱਝ ਕੇ ਝੂਠ ਫੈਲਾਇਆ ਹੈ।
ਜੱਜ ਨੇ ਹਾਲਾਂਕਿ ਟਰੰਪ ਨੂੰ ਆਪਣੀ ਸ਼ਿਕਾਇਤ ਵਿਚ ਸੁਧਾਰ ਕਰਨ ਦਾ ਇੱਕ ਮੌਕਾ ਦਿੱਤਾ ਹੈ, ਪਰ ਮੌਜੂਦਾ ਸਥਿਤੀ ਵਿਚ ਕੇਸ ਦਾ ਖਾਰਜ ਹੋਣਾ ਟਰੰਪ ਅਤੇ ਉਨ੍ਹਾਂ ਦੇ ਕਾਨੂੰਨੀ ਸਲਾਹਕਾਰਾਂ ਲਈ ਇੱਕ ਵੱਡੀ ਫਜ਼ੀਹਤ ਮੰਨਿਆ ਜਾ ਰਿਹਾ ਹੈ।
ਫਲੋਰੀਡਾ ਫੈਡਰਲ ਕੋਰਟ ਵੱਲੋਂ ਟਰੰਪ ਨੂੰ ਵੱਡਾ ਕਾਨੂੰਨੀ ਝਟਕਾ

