#PUNJAB

ਪੰਜਾਬ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਆਈ ਸਾਹਮਣੇ; ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਮੰਗ ਨੇ ਰਾਜਾ ਵੜਿੰਗ ਦੀ ਵਧਾਈ ਮੁਸ਼ਕਲ

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਚੁੱਕੀ ਕਾਂਗਰਸ ਨੂੰ ਆਪਣੀ ਅੰਦਰੂਨੀ ਧੜੇਬੰਦੀ ਕਾਰਨ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵਿਚਾਲੇ ਚੱਲ ਰਿਹਾ ਟਕਰਾਅ ਹੁਣ ਬੰਦ ਕਮਰਿਆਂ ਤੋਂ ਬਾਹਰ ਨਿਕਲ ਕੇ ਪਾਰਟੀ ਦੇ ਜਨਤਕ ਪ੍ਰੋਗਰਾਮਾਂ ਤੱਕ ਪਹੁੰਚ ਗਿਆ ਹੈ। ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ ਅਤੇ ਬਠਿੰਡਾ ਵਿਚ ਹੋਏ ਪਾਰਟੀ ਸਮਾਗਮਾਂ ਦੌਰਾਨ ਚੰਨੀ ਸਮਰਥਕਾਂ ਨੇ ਉਨ੍ਹਾਂ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਹਾਈਕਮਾਨ ਤੋਂ ਚੰਨੀ ਨੂੰ 2027 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ।
ਕਾਂਗਰਸ ਵੱਲੋਂ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ”ਹਰ ਬੂਥ, ਕਾਂਗਰਸ ਮਜ਼ਬੂਤ” ਮੁਹਿੰਮ ਦੌਰਾਨ ਧੜੇਬੰਦੀ ਦੇ ਦ੍ਰਿਸ਼ ਵਾਰ-ਵਾਰ ਸਾਹਮਣੇ ਆਏ। ਸੰਗਰੂਰ ਵਿਚ ਚੰਨੀ ਅਤੇ ਵੜਿੰਗ ਸਮਰਥਕਾਂ ਵਿਚਾਲੇ ਧੱਕਾ-ਮੁੱਕੀ ਹੋਈ ਅਤੇ ਕੁਰਸੀਆਂ ਵੀ ਸੁੱਟੀਆਂ ਗਈਆਂ, ਜਦਕਿ ਪਟਿਆਲਾ ਵਿਚ ਦੋਵੇਂ ਧਿਰਾਂ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਚੰਨੀ ਸਮਰਥਕਾਂ ਨੇ ”ਚੰਨੀ ਲਿਆਓ, ਪੰਜਾਬ ਬਚਾਓ” ਵਰਗੇ ਨਾਅਰੇ ਲਗਾ ਕੇ ਮੀਟਿੰਗਾਂ ਦੀ ਕਾਰਵਾਈ ਵਿਚ ਵਿਘਨ ਪਾਇਆ। ਰਾਜਾ ਵੜਿੰਗ ਨੇ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਪਾਰਟੀ ਦੇ ਅਧਿਕਾਰਤ ਪ੍ਰੋਗਰਾਮਾਂ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ।
ਬਠਿੰਡਾ ਵਿਚ ਵੀ ਜਦੋਂ ਰਾਜਾ ਵੜਿੰਗ ਆਪਣਾ ਸੰਬੋਧਨ ਕਰ ਰਹੇ ਸਨ, ਤਾਂ ਚੰਨੀ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵੜਿੰਗ ਨੇ ਇੱਕ ਪ੍ਰਦਰਸ਼ਨਕਾਰੀ ਨੂੰ ਮੰਚ ਉੱਤੇ ਬੁਲਾ ਕੇ ਆਪਣੀ ਗੱਲ ਰੱਖਣ ਲਈ ਮਾਈਕ ਦਿੱਤਾ ਅਤੇ ਚੰਨੀ ਨੂੰ ਫ਼ੋਨ ਕਰਨ ਲਈ ਵੀ ਕਿਹਾ, ਪਰ ਕਾਲ ਦਾ ਜਵਾਬ ਨਹੀਂ ਮਿਲਿਆ। ਵੜਿੰਗ ਨੇ ਸਪੱਸ਼ਟ ਕੀਤਾ ਕਿ ਉਹ ਦਬਾਅ ਹੇਠ ਅਸਤੀਫ਼ਾ ਨਹੀਂ ਦੇਣਗੇ ਅਤੇ ਪਾਰਟੀ ਅੰਦਰ ਅਨੁਸ਼ਾਸਨ ਤੋੜਨ ਵਾਲੇ ਲੋਕਾਂ ਨੂੰ ਚੋਣ ਟਿਕਟਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਥਾਵਾਂ ਉੱਤੇ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਵਿਰੁੱਧ ਪੋਸਟਰ ਅਤੇ ਹੋਰਡਿੰਗ ਵੀ ਸਾਹਮਣੇ ਆਏ। ਕਈ ਪੋਸਟਰਾਂ ਉੱਤੇ ”ਬਘੇਲ ਵਾਪਸ ਜਾਓ” ਵਰਗੇ ਨਾਅਰੇ ਲਿਖੇ ਹੋਏ ਸਨ, ਜਦਕਿ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਸਮਰਥਨ ਪ੍ਰਗਟਾਇਆ ਗਿਆ ਸੀ। ਕਾਂਗਰਸੀ ਆਗੂਆਂ ਨੇ ਇਸ ਘਟਨਾਕ੍ਰਮ ਨੂੰ ਮੰਦਭਾਗਾ ਦੱਸਿਆ ਹੈ, ਹਾਲਾਂਕਿ ਕੁਝ ਨੇ ਇਹ ਵੀ ਕਿਹਾ ਕਿ ਇਹ ਸਪੱਸ਼ਟ ਨਹੀਂ ਕਿ ਪੋਸਟਰ ਪਾਰਟੀ ਵਰਕਰਾਂ ਵੱਲੋਂ ਲਗਾਏ ਗਏ ਜਾਂ ਵਿਰੋਧੀ ਤਾਕਤਾਂ ਵੱਲੋਂ।
ਭੂਪੇਸ਼ ਬਘੇਲ ਨੇ ਅਨੁਸ਼ਾਸਨ ਤੋੜਨ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਤੋਂ ਤੈਅ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਪਾਰਟੀ ਹਾਈਕਮਾਨ ਅਤੇ ਵਿਧਾਇਕਾਂ ਦੀ ਰਾਏ ਨਾਲ ਮੁੱਖ ਮੰਤਰੀ ਚੁਣਿਆ ਜਾਵੇਗਾ। ਬਘੇਲ ਨੇ ਰਾਜਾ ਵੜਿੰਗ ਨੂੰ ਹਾਈਕਮਾਨ ਦਾ ਸਮਰਥਨ ਹੋਣ ਦਾ ਸੰਕੇਤ ਦਿੰਦਿਆਂ ਵਰਕਰਾਂ ਨੂੰ ਅੰਦਰੂਨੀ ਲੜਾਈ ਛੱਡ ਕੇ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਵਿਰੁੱਧ ਲੜਾਈ ਉੱਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।
ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਸਮਰਥਕਾਂ ਨੂੰ ਪਾਰਟੀ ਦੇ ਪ੍ਰੋਗਰਾਮਾਂ ‘ਚ ਵਿਘਨ ਨਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਪਾਰਟੀ ਸਭ ਤੋਂ ਉੱਪਰ ਹੈ ਅਤੇ ਆਗੂਆਂ ਨੂੰ ਅਹੁਦਿਆਂ ਦੀ ਦੌੜ ਦੀ ਥਾਂ ਪੰਜਾਬ ਦੇ ਮੁੱਦਿਆਂ ਉੱਤੇ ਕੰਮ ਕਰਨਾ ਚਾਹੀਦਾ ਹੈ। ਇਸ ਦੇ ਬਾਵਜੂਦ ਲਗਾਤਾਰ ਹੋ ਰਹੀ ਨਾਅਰੇਬਾਜ਼ੀ ਅਤੇ ਪੋਸਟਰਬਾਜ਼ੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਵਿਚ ਲੀਡਰਸ਼ਿਪ ਦਾ ਮਸਲਾ ਅਜੇ ਸੁਲਝਿਆ ਨਹੀਂ। ਜੇਕਰ ਹਾਈਕਮਾਨ ਨੇ ਸਮੇਂ ਸਿਰ ਦੋਵਾਂ ਧੜਿਆਂ ਵਿਚਾਲੇ ਸਮਝੌਤਾ ਨਾ ਕਰਵਾਇਆ, ਤਾਂ ਇਹ ਅੰਦਰੂਨੀ ਟਕਰਾਅ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।