ਮੁਲਜ਼ਮ ਨੂੰ ਵਿਸ਼ੇਸ਼ ਅਦਾਲਤ ‘ਚ ਪੇਸ਼ ਕਰਨ ਮਗਰੋਂ 6 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ
ਮੁੰਬਈ, 1 ਅਕਤੂਬਰ (ਪੰਜਾਬ ਮੇਲ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕਰੋੜਾਂ ਰੁਪਏ ਦੇ ਪੀ.ਐੱਨ.ਬੀ. ਘੁਟਾਲੇ ਦੇ ਸਿਲਸਿਲੇ ‘ਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਕਰੀਬੀ ਸਾਥੀ ਸੰਦੀਪ ਮਿਸਤਰੀ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਹਵਾਲਗੀ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸੋਮਵਾਰ ਨੂੰ ਹਵਾਲਗੀ ਹੋਣ ਤੋਂ ਬਾਅਦ, ਸੀ.ਬੀ.ਆਈ. ਨੇ ਮੰਗਲਵਾਰ ਨੂੰ ਮੁੰਬਈ ਵਿਚ ਮਿਸਤਰੀ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਏਜੰਸੀ ਨੇ ਉਸ ਨੂੰ ਸੀ.ਬੀ.ਆਈ. ਦੀ ਇੱਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ, ਪਰ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ।
ਇਸ ਤੋਂ ਬਾਅਦ ਅਦਾਲਤ ਨੇ ਮਿਸਤਰੀ ਨੂੰ 6 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਇਹ ਗ੍ਰਿਫ਼ਤਾਰੀ ਨਵੰਬਰ 2025 ਵਿਚ ਇੱਕ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਗ਼ੈਰ-ਜ਼ਮਾਨਤੀ ਵਾਰੰਟ ਦੇ ਆਧਾਰ ‘ਤੇ ਕੀਤੀ ਗਈ ਹੈ। ਮਿਸਤਰੀ ਨੀਰਵ ਮੋਦੀ ਦੀ ਹਾਂਗਕਾਂਗ ਸਥਿਤ ਕੰਪਨੀ ‘ਫੈਂਸੀ ਕ੍ਰੀਏਸ਼ਨਜ਼ ਲਿਮਟਿਡ’ ਵਿਚ ਡਾਇਰੈਕਟਰ ਵਜੋਂ ਕੰਮ ਕਰ ਚੁੱਕਾ ਸੀ।
ਸੀ.ਬੀ.ਆਈ. ਦਾ ਦੋਸ਼ ਹੈ ਕਿ ਮਿਸਤਰੀ ਨੇ ਮੋਦੀ ਅਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਵਿਚ ਸਰਗਰਮ ਭੂਮਿਕਾ ਨਿਭਾਈ ਸੀ, ਜਿਸ ਤਹਿਤ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 6,498.20 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ।
ਕੇਂਦਰੀ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਿਸਤਰੀ ਨੇ, ਮੋਦੀ ਦੇ ਭਰਾ ਨੇਹਲ ਅਤੇ ਇੱਕ ਹੋਰ ਲੋੜੀਂਦੇ ਮੁਲਜ਼ਮ ਨਾਲ ਮਿਲ ਕੇ, ਭਾਰਤ ਵਿਚ ਮਾਮਲਾ ਦਰਜ ਹੋਣ ਤੋਂ ਬਾਅਦ ਦੁਬਈ ਵਿਚ ਮੋਦੀ ਨਾਲ ਜੁੜੀਆਂ ਵੱਖ-ਵੱਖ ਫ਼ਰਮਾਂ ਦੇ ਮੁਲਾਜ਼ਮਾਂ (ਡੰਮੀ ਡਾਇਰੈਕਟਰਾਂ) ਨੂੰ ਉੱਥੋਂ ਚਲੇ ਜਾਣ ਦੀ ਧਮਕੀ ਦਿੱਤੀ ਸੀ।
ਦੋਸ਼ ਹੈ ਕਿ ਉਸ ਨੂੰ ਇਸ ਧਮਕੀ ਹੇਠ ਕਾਇਰੋ ਜਾਣ ਲਈ ਮਜਬੂਰ ਕੀਤਾ ਗਿਆ ਕਿ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸੀ.ਬੀ.ਆਈ. ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਸਬੂਤ ਮਿਟਾਉਣ ਲਈ ਆਪਣੇ ਮੋਬਾਈਲ ਫ਼ੋਨ ਵੀ ਨਸ਼ਟ ਕਰ ਦਿੱਤੇ ਸਨ।
ਨੀਰਵ ਮੋਦੀ, ਉਸ ਦਾ ਚਾਚਾ ਮੇਹੁਲ ਚੋਕਸੀ ਅਤੇ ਹੋਰਾਂ ਵਿਰੁੱਧ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ 2018 ਤੋਂ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਸੀ.ਬੀ.ਆਈ. ਦੀ ਜਾਂਚ ਦਾ ਵੀ ਸਾਹਮਣਾ ਕਰ ਰਿਹਾ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਮੁੰਬਈ ਦੀ ਬ੍ਰੈਡੀ ਹਾਊਸ ਪੀ.ਐੱਨ.ਬੀ. ਸ਼ਾਖਾ ਵਿਚ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਅਤੇ ਜਾਅਲੀ ਲੈਟਰ ਆਫ਼ ਅੰਡਰਟੇਕਿੰਗ (ਐੱਲ.ਓ.ਯੂ.) ਜਾਰੀ ਕਰਵਾ ਕੇ 2 ਅਧਿਅਰ ਡਾਲਰ (13,000 ਕਰੋੜ ਰੁਪਏ ਤੋਂ ਵੱਧ) ਦੀ ਬੈਂਕ ਧੋਖਾਧੜੀ ਨੂੰ ਅੰਜਾਮ ਦਿੱਤਾ ਹੈ।
ਨੀਰਵ ਮੋਦੀ ਦਾ ਕਰੀਬੀ ਸੰਦੀਪ ਮਿਸਤਰੀ ਯੂ.ਏ.ਈ. ਤੋਂ ਹਵਾਲਗੀ ਮਗਰੋਂ ਗ੍ਰਿਫ਼ਤਾਰ

