#CANADA

ਕੈਨੇਡਾ ‘ਚ ਦੋ ਪੰਜਾਬੀਆਂ ਦੀ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ

– ਜੁਲਾਈ 2022 ‘ਚ ਸੈਲਾਨੀ ਸ਼ਹਿਰ ਵਿਸਲਰ ਦੇ ਹੋਟਲ ‘ਚ ਮਾਰੇ ਗਏ ਸਨ ਦੋਵੇਂ ਪੰਜਾਬੀ
ਵੈਨਕੂਵਰ, 1 ਅਕਤੂਬਰ (ਪੰਜਾਬ ਮੇਲ)- ਚਾਰ ਸਾਲ ਪਹਿਲਾਂ ਵੈਨਕੂਵਰ ਤੋਂ 180 ਕਿਲੋਮੀਟਰ ਉੱਤਰ ਵਿਚ ਸਥਿਤ ਸੈਲਾਨੀ ਅਤੇ ਪਹਾੜੀ ਸ਼ਹਿਰ ਵਿਸਲਰ ਦੇ ਇੱਕ ਹੋਟਲ ਵਿਚ ਠਹਿਰੇ ਦੋ ਪੰਜਾਬੀਆਂ ਦੀ ਹੱਤਿਆ ਦੇ ਦੋਸ਼ਾਂ ਹੇਠ ਉਦੋਂ ਤੋਂ ਜੇਲ੍ਹ ਵਿਚ ਬੰਦ ਮੁਲਜ਼ਮਾਂ ਵਿਚੋਂ ਇੱਕ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਨਿਸ਼ਚਿਤ ਕੀਤੀ ਗਈ ਹੈ, ਜਦਕਿ ਦੂਜੇ ਨੂੰ ਇੱਕ ਦੋਸ਼ ਤੋਂ ਮੁਕਤ ਕੀਤਾ ਗਿਆ ਹੈ, ਪਰ ਦੂਜੇ ਵਿਚ ਉਮਰ ਕੈਦ ਦਾ ਫੈਸਲਾ ਕੀਤਾ ਗਿਆ ਹੈ। ਚਾਰ ਸਾਲ ਪੁਰਾਣੇ ਹੱਤਿਆ ਦੇ ਮਾਮਲੇ ਦੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿਚ ਇਸ ਮਹੀਨੇ ਦੇ ਸ਼ੁਰੂ ਤੋਂ ਬਕਾਇਦਾ ਸੁਣਵਾਈ ਕੀਤੀ ਜਾ ਰਹੀ ਸੀ।
ਜਸਟਿਸ ਗਰੋਪਰ ਦੀ ਅਗਵਾਈ ਹੇਠ ਹੋਈ ਸੁਣਵਾਈ ਦੌਰਾਨ ਬੀਤੇ ਦਿਨੀਂ ਅੰਤਮ ਫੈਸਲੇ ਦੀ ਰੂਪ-ਰੇਖਾ ਉਲੀਕੀ ਗਈ, ਜਿਸ ਦਾ ਲਿਖਤੀ ਤੌਰ ‘ਤੇ ਰਸਮੀ ਐਲਾਨ ਅਗਲੇ ਦਿਨਾਂ ਵਿਚ ਕੀਤਾ ਜਾਵੇਗਾ। ਮਰਨ ਵਾਲਿਆਂ ਵਿਚੋਂ ਮਨਿੰਦਰ ਧਾਲੀਵਾਲ ਗੈਂਗਸਟਰ ਸੀ ਅਤੇ ਸਤਿੰਦਰ ਗਿੱਲ ਉਸ ਦਾ ਜਾਣੂ ਹੋਣ ਕਰਕੇ ਇਤਫ਼ਾਕਨ ਧਾਲੀਵਾਲ ਦੇ ਨਾਲ ਵਾਲੇ ਕਮਰੇ ਵਿਚ ਠਹਿਰਿਆ ਹੋਇਆ ਸੀ ਤੇ ਘਟਨਾ ਮੌਕੇ ਦੋਵੇਂ ਇਕੱਠੇ ਬੈਠੇ ਸਨ।
24 ਜੁਲਾਈ 2022 ਨੂੰ ਦੁਪਹਿਰੇ ‘ਸੀ ਟੂ ਸਕਾਈ’ ਪੁਲਿਸ ਨੂੰ ਵਿਸਲਰ ਦੇ ਇੱਕ ਹੋਟਲ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚੇ ਤਾਂ ਮਨਿੰਦਰ ਧਾਲੀਵਾਲ (28) ਅਤੇ ਸਤਿੰਦਰ ਗਿੱਲ (36) ਗੋਲੀਆਂ ਨਾਲ ਵਿੰਨੇ ਹੋਏ ਸਨ। ਦੋਹਾਂ ਵਿਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਅਤੇ ਦੂਜੇ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਜਾਂਚ ਦੌਰਾਨ ਪੁਲਿਸ ਨੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਨੂੰ ਹੱਤਿਆ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ। ਦੋਵੇਂ ਉਦੋਂ ਤੋਂ ਜੇਲ੍ਹ ਵਿਚ ਬੰਦ ਸਨ। ਬੀ.ਸੀ. ਸੁਪਰੀਮ ਕੋਰਟ ਦੇ ਜਸਟਿਸ ਗਰੋਪਰ ਦੀ ਅਗਵਾਈ ਹੇਠਲੀ ਨਿਆਂਇਕ ਟੀਮ ਨੇ ਮਾਮਲੇ ਦੇ ਸਾਰੇ ਪੱਖਾਂ ਨੂੰ ਵਿਚਾਰਦੇ ਹੋਏ ਸਹੋਤਾ ਨੂੰ ਪਹਿਲੇ ਦਰਜੇ ਦੀ ਹੱਤਿਆ ਦੇ ਦੋ ਅਪਰਾਧਾਂ ਦਾ ਦੋਸ਼ੀ ਮੰਨਦਿਆਂ ਉਮਰ ਭਰ ਕੈਦ ਰੱਖਣ ਦਾ ਫੈਸਲਾ ਕੀਤਾ। ਉਸ ਨੂੰ 25 ਸਾਲ ਪੈਰੋਲ ਨਹੀਂ ਮਿਲੇਗੀ ਅਤੇ ਦੋਵੇਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ।
ਤਨਵੀਰ ਖੱਖ ਨੂੰ ਧਾਲੀਵਾਲ ਦੀ ਹੱਤਿਆ ਸਬੰਧੀ ਦੂਜੇ ਦਰਜੇ ਦੇ ਅਪਰਾਧ ਦੇ ਦੋਸ਼ ਹੇਠ ਉਮਰ ਕੈਦ ਅਤੇ 20 ਸਾਲਾਂ ਬਾਅਦ ਪੈਰੋਲ ਮਿਲੇਗੀ, ਪਰ ਉਸ ਨੂੰ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ ਤੋਂ ਬਰੀ ਕੀਤਾ ਗਿਆ ਹੈ। ਹੋਰ ਸ਼ਰਤਾਂ ਸਮੇਤ ਮਾਮਲੇ ਦਾ ਲਿਖਤੀ ਫੈਸਲਾ ਅਕਤੂਬਰ ਵਿਚ ਕਿਸੇ ਦਿਨ ਸੁਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਮਨਿੰਦਰ ਧਾਲੀਵਾਲ ਦਾ ਇੱਕ ਭਰਾ ਹਰਪ੍ਰੀਤ 2021 ਵਿਚ ਅਤੇ ਦੂਜਾ ਉਸ ਤੋਂ ਬਾਅਦ ਗੈਂਗ ਹਿੰਸਾ ਵਿਚ ਮਾਰੇ ਗਏ ਸਨ। ਸਤਿੰਦਰ ਗਿੱਲ ਕਾਰੋਬਾਰੀ ਵਿਅਕਤੀ ਸੀ ਅਤੇ ਇਤਫ਼ਾਕਨ ਉਸੇ ਹੋਟਲ ਵਿਚ ਠਹਿਰਿਆ ਹੋਣ ਕਰਕੇ ਮਨਿੰਦਰ ਨਾਲ ਜਾਣ-ਪਛਾਣ ਕਾਰਨ ਘਟਨਾ ਮੌਕੇ ਉਸ ਦੇ ਨਾਲ ਬੈਠਾ ਹੋਇਆ ਸੀ। ਹਤਿਆਰੇ ਸਹੋਤਾ ਵੱਲੋਂ ਚਸ਼ਮਦੀਦ ਗਵਾਹੀ ਦੇ ਡਰੋਂ ਉਸ ਨੂੰ ਵੀ ਮਾਰ ਦਿੱਤਾ ਗਿਆ ਸੀ।