– 48 ਕਰਮਚਾਰੀ ਹਿਰਾਸਤ ‘ਚ
– 6 ਲੋਕਾਂ ‘ਤੇ ਜਾਅਲੀ ਦਸਤਾਵੇਜ਼ਾਂ ਦੇ ਦੋਸ਼
ਵਾਸ਼ਿੰਗਟਨ ਡੀ.ਸੀ., 10 ਜੂਨ (ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੇ ਸ਼ਹਿਰ ਅਬੇਵਿਲ ਵਿਚ ਇੱਕ ਮੈਟਲ ਕਾਸਟਿੰਗ ਕੰਪਨੀ ‘ਤੇ ਕੀਤੀ ਗਈ ਵੱਡੀ ਛਾਪੇਮਾਰੀ ਦੌਰਾਨ 48 ਕਰਮਚਾਰੀਆਂ ਨੂੰ ਇਮੀਗ੍ਰੇਸ਼ਨ ਉਲੰਘਣਾਵਾਂ ਦੇ ਦੋਸ਼ਾਂ ਹੇਠ ਹਿਰਾਸਤ ਵਿਚ ਲਿਆ ਗਿਆ ਹੈ। ਇਸਦੇ ਨਾਲ ਹੀ ਕੰਪਨੀ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 6 ਲੋਕਾਂ ‘ਤੇ ਜਾਅਲੀ ਪਹਿਚਾਣ ਦਸਤਾਵੇਜ਼ ਬਣਾਉਣ ਅਤੇ ਵਰਤਣ ਨਾਲ ਸੰਬੰਧਿਤ ਅਪਰਾਧਿਕ ਦੋਸ਼ ਲਗਾਏ ਗਏ ਹਨ।
ਇਹ ਕਾਰਵਾਈ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਬਰਨਸਟਾਈਨ ਵੌਨ ਸੀਲੇਨ ਪ੍ਰਿਸੀਜ਼ਨ ਕਾਸਟਿੰਗਜ਼ ਵਿਚ ਕੀਤੀ ਗਈ। ਦਰਜਨਾਂ ਫੈਡਰਲ ਅਤੇ ਸਥਾਨਕ ਅਧਿਕਾਰੀਆਂ ਨੇ ਕੰਪਨੀ ਦੇ ਪਲਾਂਟ ‘ਤੇ ਛਾਪਾ ਮਾਰਿਆ।
ਦੱਖਣੀ ਕੈਰੋਲੀਨਾ ਦੇ ਅਟਾਰਨੀ ਜਨਰਲ ਐਲਨ ਵਿਲਸਨ ਨੇ ਦੱਸਿਆ ਕਿ ਕੰਪਨੀ ਦੇ ਪਲਾਂਟ ਮੈਨੇਜਰ ਅਤੇ ਮਨੁੱਖੀ ਸਰੋਤ (ਐੱਚ.ਆਰ.) ਡਾਇਰੈਕਟਰ ਨੂੰ ਇਹ ਜਾਣਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿ ਰਹੇ ਲੋਕਾਂ ਨੂੰ ਨੌਕਰੀ ‘ਤੇ ਰੱਖਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਾਜ ਦੀ ਗ੍ਰੈਂਡ ਜਿਊਰੀ ਨੇ ਦੋਵੇਂ ਅਧਿਕਾਰੀਆਂ ਦੇ ਨਾਲ ਹੋਰ ਚਾਰ ਵਿਅਕਤੀਆਂ ਨੂੰ ਵੀ ਇੰਡਾਈਟ ਕੀਤਾ ਹੈ। ਇਨ੍ਹਾਂ ਉੱਤੇ ਚੋਰੀ ਕੀਤੀਆਂ ਪਹਿਚਾਣਾਂ ਦੀ ਵਰਤੋਂ ਕਰਕੇ ਜਾਅਲੀ ਸੋਸ਼ਲ ਸਕਿਓਰਿਟੀ ਕਾਰਡ, ਡਰਾਈਵਰ ਲਾਇਸੈਂਸ ਅਤੇ ਇਮੀਗ੍ਰੇਸ਼ਨ ਦਸਤਾਵੇਜ਼ ਤਿਆਰ ਕਰਨ ਅਤੇ ਵੇਚਣ ਦੇ ਦੋਸ਼ ਹਨ।
ਅਟਾਰਨੀ ਜਨਰਲ ਐਲਨ ਵਿਲਸਨ ਨੇ ਕਿਹਾ ਕਿ ਇਹ ਕਾਰਵਾਈ ਸਿਰਫ਼ ਰੋਜ਼ੀ-ਰੋਟੀ ਕਮਾਉਣ ਵਾਲੇ ਮਜ਼ਦੂਰਾਂ ਖ਼ਿਲਾਫ਼ ਨਹੀਂ ਹੈ, ਬਲਕਿ ਉਨ੍ਹਾਂ ਸੰਗਠਿਤ ਗਰੁੱਪਾਂ ਖ਼ਿਲਾਫ਼ ਹੈ, ਜੋ ਪਹਿਚਾਣ ਚੋਰੀ ਕਰਕੇ ਜਾਅਲੀ ਦਸਤਾਵੇਜ਼ਾਂ ਦਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਮੁਤਾਬਕ ਜਾਂਚ ਦਾ ਮੁੱਖ ਨਿਸ਼ਾਨਾ ਉਹ ਲੋਕ ਹਨ, ਜੋ ਫਰਜ਼ੀ ਪਹਿਚਾਣ ਪ੍ਰਣਾਲੀ ਨੂੰ ਚਲਾ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ 48 ਕਰਮਚਾਰੀਆਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਵਿਅਕਤੀਆਂ ਦੇ ਬਾਰੇ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਪਹਿਲਾਂ ICE ਦੇ ਸੰਪਰਕ ਵਿਚ ਆ ਚੁੱਕੇ ਸਨ ਜਾਂ ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ ਡਿਪੋਰਟੇਸ਼ਨ ਦੇ ਹੁਕਮ ਜਾਰੀ ਹੋਏ ਹੋਏ ਸਨ।
ਇਹ ਜਾਂਚ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਹੋਈ ਸੀ। ਰਾਜ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਜਾਂਚ ਰਾਜ ਪੱਧਰ ‘ਤੇ ਚੱਲ ਰਹੀ ਸੀ, ਪਰ ਬਾਅਦ ਵਿਚ ਟਰੰਪ ਪ੍ਰਸ਼ਾਸਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਫੈਡਰਲ ਏਜੰਸੀਆਂ ਵੀ ਇਸ ਵਿਚ ਸ਼ਾਮਲ ਹੋ ਗਈਆਂ।
ਪ੍ਰੋਸੀਕਿਊਟਰ ਕ੍ਰਾਈਟਨ ਵਾਟਰਸ ਨੇ ਕਿਹਾ ਕਿ ਜਾਂਚ ਦਾ ਤਰੀਕਾ ਨਸ਼ਿਆਂ ਦੇ ਕੇਸਾਂ ਵਾਂਗ ਅਪਣਾਇਆ ਗਿਆ, ਜਿਸ ਵਿਚ ਸਿਰਫ਼ ਜਾਅਲੀ ਦਸਤਾਵੇਜ਼ ਵਰਤਣ ਵਾਲਿਆਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਵਾਲੇ ਨੈੱਟਵਰਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਦੱਖਣੀ ਕੈਰੋਲੀਨਾ ‘ਚ ICE ਵੱਲੋਂ ਜਾਅਲੀ ਸੋਸ਼ਲ ਸਕਿਓਰਿਟੀ ਤੇ ਆਈ.ਡੀ. ਰੈਕੇਟ ਦਾ ਪਰਦਾਫਾਸ਼

